ਭਾਰਤੀ ਏਅਰ ਫੋਰਸ ਨੇ ਰਚਿਆ ਇਤਿਹਾਸ ! ਸਭ ਤੋਂ ਵੱਧ ਉਚਾਈ ''ਤੇ ਕਰਵਾਈ ਟਰਾਂਸਪੋਰਟ ਜਹਾਜ਼ਾਂ ਦੀ ਲੈਂਡਿੰਗ

Sunday, Nov 15, 2026 - 02:58 PM (IST)

ਭਾਰਤੀ ਏਅਰ ਫੋਰਸ ਨੇ ਰਚਿਆ ਇਤਿਹਾਸ ! ਸਭ ਤੋਂ ਵੱਧ ਉਚਾਈ ''ਤੇ ਕਰਵਾਈ ਟਰਾਂਸਪੋਰਟ ਜਹਾਜ਼ਾਂ ਦੀ ਲੈਂਡਿੰਗ

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਨੇ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (LAC) ਦੇ ਬਿਲਕੁਲ ਨੇੜੇ ਪੂਰਬੀ ਲੱਦਾਖ ਦੇ ਬੇਹੱਦ ਉੱਚੇ ਅਤੇ ਤੰਗ ਇਲਾਕਿਆਂ 'ਚ ਅਮਰੀਕੀ ਅਤੇ ਰੂਸੀ ਮੂਲ ਦੇ ਟਰਾਂਸਪੋਰਟ ਜਹਾਜ਼ਾਂ ਦੀ ਸਫ਼ਲ ਲੈਂਡਿੰਗ ਕਰਵਾ ਕੇ ਵਿਸ਼ਵ ਰਿਕਾਰਡ ਕਾਇਮ ਕੀਤੇ ਹਨ। ਹਾਲ ਹੀ 'ਚ, IAF ਦੇ ਭਾਰੀ-ਭਰਕਮ ਰੂਸੀ ਜਹਾਜ਼ IL-76MD 'ਗਜਰਾਜ' ਨੇ ਪੂਰਬੀ ਲੱਦਾਖ ਦੇ ਨਯੋਮਾ ਏਅਰ ਬੇਸ 'ਤੇ ਉਤਰ ਕੇ ਇਤਿਹਾਸ ਰਚ ਦਿੱਤਾ ਹੈ।

6 ਨਵੰਬਰ ਨੂੰ ਭਾਰਤੀ ਹਵਾਈ ਫ਼ੌਜ ਦੇ 4-ਇੰਜਣ ਵਾਲੇ ਹੈਵੀ-ਲਿਫਟ ਜਹਾਜ਼ IL-76MD ਨੇ 13,629 ਫੁੱਟ ਦੀ ਉਚਾਈ 'ਤੇ ਸਥਿਤ ਨਯੋਮਾ ਏਅਰ ਬੇਸ 'ਤੇ ਸਫ਼ਲ ਲੈਂਡਿੰਗ ਕੀਤੀ। ਦੁਨੀਆ 'ਚ ਕਿਸੇ ਵੀ ਥਾਂ ਇਸ ਜਹਾਜ਼ ਵੱਲੋਂ ਕੀਤੀ ਗਈ ਇਹ ਸਭ ਤੋਂ ਵੱਧ ਉਚਾਈ ਵਾਲੀ ਲੈਂਡਿੰਗ ਹੈ। 40 ਤੋਂ 48 ਟਨ ਭਾਰ ਚੁੱਕਣ ਦੀ ਸਮਰੱਥਾ ਵਾਲਾ ਇਹ ਜਹਾਜ਼ LAC ਤੋਂ ਸਿਰਫ਼ 25-35 ਕਿਲੋਮੀਟਰ ਅਤੇ ਚੀਨ ਦੇ ਰਣਨੀਤਕ G219 ਹਾਈਵੇਅ ਤੋਂ 100 ਕਿਲੋਮੀਟਰ ਦੂਰ ਸਥਿਤ ਇਸ ਬੇਸ 'ਤੇ ਫ਼ੌਜੀ ਟਰੱਕ, ਹਥਿਆਰ ਅਤੇ ਭਾਰੀ ਸਾਜ਼ੋ-ਸਾਮਾਨ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਇਸ ਤੋਂ ਪਹਿਲਾਂ ਨਵੰਬਰ 2025 'ਚ ਅਮਰੀਕੀ ਮੂਲ ਦੇ C-130J ਸਪੈਸ਼ਲ ਆਪ੍ਰੇਸ਼ਨ ਜਹਾਜ਼ ਨੇ ਅਪਗ੍ਰੇਡ ਕੀਤੇ ਗਏ ਮੁੱਧ-ਨਯੋਮਾ ਏਅਰਬੇਸ ਦਾ ਉਦਘਾਟਨ ਕੀਤਾ ਸੀ। ਉੱਥੇ ਹੀ ਅਗਸਤ 2013 ਵਿੱਚ C-130J-30 ਜਹਾਜ਼ ਨੇ 16,614 ਫੁੱਟ ਦੀ ਉਚਾਈ 'ਤੇ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਏਅਰ ਸਟ੍ਰਿਪ ਦੌਲਤ ਬੇਗ ਓਲਡੀ 'ਤੇ ਉਤਰ ਕੇ ਰਿਕਾਰਡ ਬਣਾਇਆ ਸੀ।

ਜ਼ਿਕਰਯੋਗ ਹੈ ਕਿ 13,000 ਫੁੱਟ ਤੋਂ ਵੱਧ ਉਚਾਈ 'ਤੇ ਹਵਾ ਕਾਫ਼ੀ ਹਲਕੀ ਹੋ ਜਾਂਦੀ ਹੈ ਅਤੇ ਇਸ ਦੀ ਘਣਤਾ ਸਮੁੰਦਰੀ ਤਲ ਦੇ ਮੁਕਾਬਲੇ ਸਿਰਫ਼ 60-65 ਫ਼ੀਸਦੀ ਰਹਿ ਜਾਂਦੀ ਹੈ, ਜਿਸ ਕਾਰਨ ਜਹਾਜ਼ ਦੇ ਇੰਜਣਾਂ ਦੀ ਤਾਕਤ ਘੱਟ ਜਾਂਦੀ ਹੈ ਅਤੇ ਲੈਂਡਿੰਗ ਲਈ ਤੇਜ਼ ਰਫ਼ਤਾਰ ਤੇ ਲੰਬੇ ਰਨਵੇਅ ਦੀ ਲੋੜ ਪੈਂਦੀ ਹੈ। ਅਜਿਹੇ ਮੁਸ਼ਕਲ ਹਾਲਾਤਾਂ 'ਚ ਪਾਇਲਟਾਂ ਦੀ ਮੁਹਾਰਤ ਸਦਕਾ ਇਹ ਸਫ਼ਲਤਾ ਹਾਸਲ ਹੋਈ ਹੈ, ਜੋ ਸਰਦੀਆਂ ਅਤੇ ਬਰਫ਼ਬਾਰੀ ਦੌਰਾਨ ਸੜਕੀ ਰਸਤੇ ਬੰਦ ਹੋਣ 'ਤੇ ਵੀ ਚੀਨ ਸਰਹੱਦ 'ਤੇ ਫ਼ੌਜੀ ਸਪਲਾਈ ਜਾਰੀ ਰੱਖਣ ਦੀ ਭਾਰਤ ਦੀ ਸਮਰੱਥਾ ਨੂੰ ਦਰਸਾਉਂਦੀ ਹੈ।


author

Harpreet SIngh

Content Editor

Related News