ਭਾਰਤ ਕੋਲ ਸਮੁੰਦਰੀ ਈਂਧਨ ਸਪਲਾਈ ਕਰਨ ਵਾਲੇ ਪ੍ਰਮੁੱਖ ਗਲੋਬਲ ਹੱਬ ਵਜੋਂ ਉੱਭਰਨ ਦਾ ਮੌਕਾ

Sunday, Nov 15, 2026 - 02:27 PM (IST)

ਭਾਰਤ ਕੋਲ ਸਮੁੰਦਰੀ ਈਂਧਨ ਸਪਲਾਈ ਕਰਨ ਵਾਲੇ ਪ੍ਰਮੁੱਖ ਗਲੋਬਲ ਹੱਬ ਵਜੋਂ ਉੱਭਰਨ ਦਾ ਮੌਕਾ

ਨਵੀਂ ਦਿੱਲੀ- ਅੰਤਰਰਾਸ਼ਟਰੀ ਸਮੁੰਦਰੀ ਸੰਗਠਨ ਵੱਲੋਂ 2050 ਤੱਕ ਸਮੁੰਦਰੀ ਜਹਾਜ਼ਾਂ ਤੋਂ ਹੋਣ ਵਾਲੇ ਗ੍ਰੀਨਹਾਊਸ ਗੈਸ ਦੇ ਨਿਕਾਸ ਨੂੰ ਜ਼ੀਰੋ ਕਰਨ ਦੇ ਟੀਚੇ ਦੇ ਮੱਦੇਨਜ਼ਰ, ਭਾਰਤ ਕੋਲ ਬਾਇਓਫਿਊਲ, ਮੀਥੇਨੌਲ, ਅਮੋਨੀਆ ਅਤੇ ਐੱਲ.ਐੱਨ.ਜੀ. ਵਰਗੇ ਸਾਫ਼-ਸੁਥਰੇ ਸਮੁੰਦਰੀ ਈਂਧਨ ਸਪਲਾਈ ਕਰਨ ਵਾਲੇ ਇੱਕ ਪ੍ਰਮੁੱਖ ਗਲੋਬਲ ਹੱਬ ਵਜੋਂ ਉੱਭਰਨ ਦਾ ਸੁਨਹਿਰੀ ਮੌਕਾ ਹੈ। 11,098 ਕਿਲੋਮੀਟਰ ਲੰਬੀ ਤੱਟਵਰਤੀ ਰੇਖਾ, ਪ੍ਰਮੁੱਖ ਪੂਰਬ-ਪੱਛਮੀ ਸਮੁੰਦਰੀ ਵਪਾਰਕ ਮਾਰਗਾਂ 'ਤੇ ਰਣਨੀਤਕ ਸਥਿਤੀ, ਮਜ਼ਬੂਤ ਰਿਫਾਇਨਿੰਗ ਸਮਰੱਥਾ ਅਤੇ ਵਧਦੇ ਨਵਿਆਉਣਯੋਗ ਊਰਜਾ ਖੇਤਰ ਸਦਕਾ ਭਾਰਤ ਆਪਣੀਆਂ ਬੰਦਰਗਾਹਾਂ ਨੂੰ 'ਮਲਟੀ-ਫਿਊਲ ਬੰਕਰਿੰਗ ਹੱਬ' ਵਿੱਚ ਬਦਲ ਸਕਦਾ ਹੈ।

ਅਪ੍ਰੈਲ 2026 'ਚ ਦੀਨਦਿਆਲ ਪੋਰਟ ਅਥਾਰਟੀ (ਕਾਂਡਲਾ) ਨੇ ਇੰਡੀਅਨ ਆਇਲ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ 'ਸ਼ੋਰ-ਟੂ-ਸ਼ਿਪ' ਮੀਥੇਨੌਲ ਬੰਕਰਿੰਗ ਦਾ ਸਫ਼ਲ ਟ੍ਰਾਇਲ ਕੀਤਾ ਹੈ ਅਤੇ 2028-29 ਤੱਕ ਸਾਲਾਨਾ 5 ਲੱਖ ਟਨ ਗ੍ਰੀਨ ਈ-ਮੀਥੇਨੌਲ ਜੁਟਾਉਣ 'ਤੇ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਤੂਤੀਕੋਰਿਨ ਸਥਿਤ ਵੀ.ਓ. ਚਿਦੰਬਰਨਾਰ ਪੋਰਟ 'ਤੇ ਗ੍ਰੀਨ ਹਾਈਡ੍ਰੋਜਨ ਪਲਾਂਟ ਸ਼ੁਰੂ ਕੀਤਾ ਗਿਆ ਹੈ। ਇੱਕ ਅਧਿਐਨ ਅਨੁਸਾਰ, ਭਾਰਤੀ ਬੰਦਰਗਾਹਾਂ 'ਤੇ ਵਿਕਲਪਕ ਸਮੁੰਦਰੀ ਈਂਧਨ ਦੀ ਮੰਗ 2035 ਤੱਕ 42-65 ਪੇਟਾਜੂਲ ਅਤੇ 2047 ਤੱਕ 113-293 PJ ਤੱਕ ਪਹੁੰਚ ਸਕਦੀ ਹੈ।

ਸਿੰਗਾਪੁਰ, ਰੋਟਰਡੈਮ ਅਤੇ ਫੁਜੈਰਾਹ ਵਰਗੇ ਗਲੋਬਲ ਹੱਬਾਂ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਪਹਿਲਾਂ ਮੁੰਦਰਾ, ਜਵਾਹਰ ਲਾਲ ਨਹਿਰੂ ਪੋਰਟ, ਚੇਨਈ ਅਤੇ ਤੂਤੀਕੋਰਿਨ ਵਰਗੀਆਂ ਵੱਧ ਆਵਾਜਾਈ ਵਾਲੀਆਂ ਬੰਦਰਗਾਹਾਂ 'ਤੇ ਆਉਣ ਵਾਲੇ ਜਹਾਜ਼ਾਂ ਨੂੰ ਈਂਧਨ ਸਪਲਾਈ ਕਰਕੇ ਇਸ ਬਾਜ਼ਾਰ ਦੀ ਨੀਂਹ ਰੱਖਣੀ ਹੋਵੇਗੀ।

ਮਾਹਿਰਾਂ ਅਨੁਸਾਰ, ਭਾਰਤ ਨੂੰ ਇਸ ਖੇਤਰ ਵਿੱਚ ਮੋਹਰੀ ਬਣਨ ਲਈ ਸਪੱਸ਼ਟ ਰਾਸ਼ਟਰੀ ਸੁਰੱਖਿਆ ਤੇ ਰੈਗੂਲੇਟਰੀ ਢਾਂਚਾ ਤਿਆਰ ਕਰਨਾ, ਫਿਊਲ ਸਟੋਰੇਜ ਤੇ ਸਪਲਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਗ੍ਰੀਨ ਸ਼ਿਪਿੰਗ ਕੋਰੀਡੋਰਾਂ ਰਾਹੀਂ ਅੰਤਰਰਾਸ਼ਟਰੀ ਸ਼ਿਪਿੰਗ ਕੰਪਨੀਆਂ ਨਾਲ ਭਾਈਵਾਲੀ ਕਰਨਾ, ਬੰਦਰਗਾਹ ਕਰਮਚਾਰੀਆਂ ਨੂੰ ਸਪੈਸ਼ਲ ਟ੍ਰੇਨਿੰਗ ਦੇਣਾ ਅਤੇ ਵਾਤਾਵਰਣ ਪ੍ਰਭਾਵਾਂ ਦਾ ਸਹੀ ਮੁਲਾਂਕਣ ਕਰਨਾ ਬੇਹੱਦ ਜ਼ਰੂਰੀ ਹੈ।


author

Harpreet SIngh

Content Editor

Related News