ਮੋਦੀ ਦੀ ਕੌਮਾਂਤਰੀ ਪ੍ਰਵਾਨਗੀ ਤੋਂ ‘ਇੰਡੀਆ’ ਚਿੰਤਤ, ਨਿਤੀਸ਼ ਬੇਚੈਨ
Sunday, Sep 10, 2023 - 02:05 PM (IST)
ਨਵੀਂ ਦਿੱਲੀ- ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਬਹੁਤ ਹੀ ਸਫਲ ਜੀ-20 ਸੰਮੇਲਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਤਜਰਬੇਕਾਰ ਸਿਆਸਤਦਾਨ ਵਜੋਂ ਵਿਸ਼ਵ ਪੱਧਰ ’ਤੇ ਪ੍ਰਵਾਨ ਕਰਨ ਨੂੰ ਲੈ ਕੇ ਬੇਹੱਦ ਚਿੰਤਤ ਹਨ। ਜਿਸ ਤਰ੍ਹਾਂ ਪੱਛਮੀ ਦੁਨੀਆ ਨੇ ਮੋਦੀ ਦੀ ਸ਼ਲਾਘਾ ਕੀਤੀ ਹੈ ਅਤੇ ਜੀ-20 ਮੈਨੀਫੈਸਟੋ ’ਤੇ ਸਹਿਮਤੀ ਬਣੀ ਹੈ, ਮੋਦੀ ਨੇ ਆਪਣੀ ਯੋਗਤਾ ਨੂੰ ਸਾਬਤ ਕਰ ਦਿੱਤਾ ਹੈ।
ਦੂਜੇ ਪਾਸੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬੇਚੈਨ ਹਨ ਕਿਉਂਕਿ ਕਾਂਗਰਸ ‘ਇੰਡੀਆ’ ਗਠਜੋੜ ਦੀਆਂ ਪਾਰਟੀਆਂ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਕਰਨ ਤੋਂ ਝਿਜਕ ਰਹੀ ਹੈ।
ਹਾਲਾਂਕਿ ਨਿਤੀਸ਼ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਨਾ ਤਾਂ ਪ੍ਰਧਾਨ ਮੰਤਰੀ ਬਣਨ ਅਤੇ ਨਾ ਹੀ ‘ਇੰਡੀਆ’ ਦਾ ਕਨਵੀਨਰ ਬਣਨ ਦੀ ਕੋਈ ਇੱਛਾ ਹੈ, ਪਰ ਇਹ ਨਿਤੀਸ਼ ਹੀ ਸਨ ਜਿਨ੍ਹਾਂ ਰਾਸ਼ਟਰੀ ਪੱਧਰ ’ਤੇ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਲਈ ਜ਼ੋਰਦਾਰ ਯਤਨ ਸ਼ੁਰੂ ਕੀਤੇ ਸਨ।
‘ਇੰਡੀਆ’ ਲਈ ਚਿੰਤਾ ਦਾ ਇੱਕ ਹੋਰ ਮੁੱਦਾ ਮਹਾਰਾਸ਼ਟਰ ਪ੍ਰਤੀ ਐੱਨ. ਸੀ. ਪੀ. ਦੀ ਦੋਹਰੀ ਪਹੁੰਚ ਹੈ ਜਿੱਥੇ ਸ਼ਰਦ ਪਵਾਰ ਅਤੇ ਅਜੀਤ ਪਵਾਰ ਵੱਖ-ਵੱਖ ਕੈਂਪਾਂ ਵਿੱਚ ਬੈਠੇ ਹਨ ਪਰ ਫਿਰ ਵੀ ਉਹ ਦਾਅਵਾ ਕਰਦੇ ਹਨ ਕਿ ਉਹ ਇੱਕ ਪਰਿਵਾਰ ਹਨ ਅਤੇ ਪਾਰਟੀ ਵਿੱਚ ਕੋਈ ਵੰਡ ਨਹੀਂ ਹੈ।
ਨਿਤੀਸ਼ ਲਾਲੂ ਤੋਂ ਵੀ ਨਿਰਾਸ਼ ਹਨ ਕਿਉਂਕਿ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਨਿਤੀਸ਼ ਦੀ ਯੋਗਤਾ ਅਤੋਂ ਪੀ.ਐੱਮ. ਦੇ ਅਹੁਦੇ ਲਈ ਉਮੀਦਵਾਰੀ ਬਾਰੇ ਖੁਲ੍ਹ ਕੇ ਬੋਲਣ ਤੋਂ ਝਿਜਕ ਰਹੇ ਹਨ। ‘ਇੰਡੀਆ’ ਨੇ ਅਜੇ ਤੱਕ ਕੋਈ ਕੋਆਰਡੀਨੇਟਰ ਨਿਯੁਕਤ ਨਹੀਂ ਕੀਤਾ। ਇਸ ਸਬੰਧੀ ਚੋਣ ਮੁੰਬਈ ਵਿੱਚ ਹੋਣੀ ਸੀ ਪਰ ਅਜਿਹਾ ਨਹੀਂ ਹੋਇਆ।
ਇਸੇ ਕਾਰਨ ਜਨਤਾ ਦਲ (ਯੂ) ਦੇ ਆਗੂ ਭਵਿੱਖ ਬਾਰੇ ਸੋਚਣ ਲਈ ਮਜਬੂਰ ਹੋ ਗਏ ਹਨ। ਹੁਣ ਸਪਸ਼ਟ ਨਜ਼ਰ ਆ ਰਿਹਾ ਹੈ ਕਿ ‘ਇੰਡੀਆ’ ਦੀ ਅਗਲੀ ਮੀਟਿੰਗ ’ਚ ਕਨਵੀਨਰ ਦੀ ਚੋਣ ਕੀਤੀ ਜਾਵੇਗੀ । ਸਥਿਤੀ ਨੂੰ ਵੇਖਦੇ ਹੋਏ ਨਿਤੀਸ਼ ਹੀ ਸਭ ਤੋਂ ਅੱਗੇ ਹਨ। ਉਂਝ ਵੀ ਅਜਿਹਾ ਕੋਈ ਆਗੂ ਨਹੀਂ ਜਾਪਦਾ ਜੋ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦੇ ਸਮਰੱਥ ਹੋਵੇ।