ਪਾਕਿਸਤਾਨ ਨੂੰ ‘ਪਾਈ-ਪਾਈ’ ਲਈ ਤਰਸਾਏਗਾ ਭਾਰਤ
Saturday, May 03, 2025 - 12:48 AM (IST)

ਨਵੀਂ ਦਿੱਲੀ (ਭਾਸ਼ਾ): ਭਾਰਤ ਹੁਣ ਪਾਕਿਸਤਾਨ ਨੂੰ ‘ਪਾਈ-ਪਾਈ’ ਲਈ ਤਰਸਾਉਣ ਦੀ ਤਿਆਰੀ ਕਰ ਰਿਹਾ ਹੈ।ਉਹ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ. ) ਅਤੇ ਵਿਸ਼ਵ ਬੈਂਕ ਸਮੇਤ ਦੁਨੀਆ ਦੀਆਂ ਬਹੁਪੱਖੀ ਏਜੰਸੀਆਂ ਨੂੰ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ਤੇ ਗ੍ਰਾਂਟਾਂ ਦੀ ਸਮੀਖਿਆ ਕਰਨ ਲਈ ਕਹੇਗਾ। ਪਿਛਲੇ ਮਹੀਨੇ ਪਹਿਲਗਾਮ ’ਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਗੁਆਂਢੀ ਦੇਸ਼ ਨੂੰ ਕੂਟਨੀਤਕ ਤੌਰ ’ਤੇ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਏਜੰਸੀਆਂ ਨੇ ਪਹਿਲਗਾਮ ਕਤਲੇਆਮ ਪਿੱਛੇ 5 ਅੱਤਵਾਦੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ’ਚ ਤਿੰਨ ਪਾਕਿਸਤਾਨੀ ਨਾਗਰਿਕ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਵਿਸ਼ਵ ਸ਼ਾਂਤੀ ਤੇ ਸੁਰੱਖਿਆ ਲਈ ਖ਼ਤਰਾ ਦੱਸਿਆ ਹੈ ਜੋ ਵਿਸ਼ਵ ਪੱਧਰੀ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ।ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪਹਿਲਗਾਮ ’ਚ ਬੁਜ਼ਦਿਲਾਨਾ ਅੱਤਵਾਦੀ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਆਈ. ਐੱਮ. ਐੱਫ. ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦਾ ਮੁਲਾਂਕਣ ਕਰੇਗਾ
ਆਈ. ਐੱਮ. ਐੱਫ. ਦੇ ਕਾਰਜਕਾਰੀ ਬੋਰਡ ਵੱਲੋਂ 9 ਮਈ ਨੂੰ ਪਾਕਿਸਤਾਨੀ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਵਧੀ ਹੋਈ ਵਿੱਤੀ ਪੋਸ਼ਣ ਦੀ ਸਮੀਖਿਆ ਕਰਨ ਦਾ ਪ੍ਰੋਗਰਾਮ ਹੈ। ਬੋਰਡ ਆਪਣੇ ਪੌਣ-ਪਾਣੀ ਲਚਕੀਲਾਪਣ ਕਰਜ਼ਾ ਪ੍ਰੋਗਰਾਮ ਅਧੀਨ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ 1.3 ਬਿਲੀਅਨ ਡਾਲਰ ਦੇ ਕਰਜ਼ੇ ਦਾ ਮੁਲਾਂਕਣ ਕਰੇਗਾ।ਇਸ ਤੋਂ ਇਲਾਵਾ 7 ਬਿਲੀਅਨ ਅਮਰੀਕੀ ਡਾਲਰ ਦੇ ਮੌਜੂਦਾ ਰਾਹਤ ਪੈਕੇਜ ਦੀ ਵੀ ਸਮੀਖਿਆ ਕੀਤੀ ਜਾਵੇਗੀ। ਏਸ਼ੀਅਨ ਡਿਵੈਲਪਮੈਂਟ ਬੈਂਕ ਨੇ 31 ਦਸੰਬਰ, 2024 ਤੱਕ ਪਾਕਿਸਤਾਨ ਨੂੰ ਕੁੱਲ 43.4 ਬਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ, ਗ੍ਰਾਂਟਾਂ ਤੇ ਤਕਨੀਕੀ ਮਦਦ ਪ੍ਰਦਾਨ ਕਰਨ ਦੀ ਵਚਨਬੱਧਤਾ ਪ੍ਰਗਟਾਈ ਸੀ।
ਵਿਸ਼ਵ ਬੈਂਕ ਨੇ ਇਸ ਸਾਲ ਜਨਵਰੀ ’ਚ ਨਕਦੀ ਦੀ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਲਈ 20 ਬਿਲੀਅਨ ਡਾਲਰ ਦੇ ਕਰਜ਼ੇ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ।