ਭਾਰਤ 2047 ਤੱਕ ਇਕ ਵਿਕਸਿਤ ਰਾਸ਼ਟਰ ਹੋਵੇਗਾ: ਰਾਜਨਾਥ ਸਿੰਘ
Monday, May 15, 2023 - 03:10 PM (IST)

ਪੁਣੇ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੇਤਰ 'ਚ ਸਾਈਬਰ ਖ਼ਤਰਿਆਂ 'ਚ ਵਾਧੇ ਦਰਮਿਆਨ ਤਕਨਾਲੋਜੀ ਦੀ ਤਰੱਕੀ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ 2047 ਤੱਕ ਇਕ ਵਿਕਸਿਤ ਰਾਸ਼ਟਰ ਹੋਵੇਗਾ। ਰਾਜਨਾਥ ਨੇ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਉੱਨਤ ਤਕਨਾਲੋਜੀ ਰੱਖਿਆ ਸੰਸਥਾ ਦੇ ਦੀਸ਼ਾਂਤ ਸਮਾਰੋਹ 'ਚ ਕਿਹਾ ਕਿ ਦੇਸ਼ ਹੁਣ ਆਤਮ ਨਿਰਭਰ ਬਣ ਰਿਹਾ ਹੈ ਅਤੇ ਆਰਥਿਕ ਮਾਹਰਾਂ ਮੁਤਾਬਕ ਭਾਰਤ 2027 ਤੱਕ ਵਿਸ਼ਵ ਅਰਥਵਿਵਸਥਾ 'ਚ ਤੀਜੇ ਨੰਬਰ 'ਤੇ ਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਰੱਖਿਆ ਖੇਤਰ 'ਚ ਵੀ ਬਦਲਾਅ ਆ ਰਹੇ ਹਨ। ਅਸੀਂ ਇਸ ਖੇਤਰ 'ਚ ਕਈ ਤਕਨੀਕੀ ਬਦਲਾਅ ਵੇਖ ਸਕਦੇ ਹਾਂ। ਰੱਖਿਆ ਖੇਤਰ 'ਚ ਕਈ ਸਮੱਸਿਆਵਾਂ ਵੀ ਪੈਦਾ ਹੋਈਆਂ ਹਨ ਖ਼ਾਸ ਕਰ ਕੇ ਸਾਈਬਰ ਖੇਤਰ ਵਿਚ ਖ਼ਤਰੇ ਵਧੇ ਹਨ।
ਹਾਲਾਂਕਿ ਬਦਲਦੇ ਦ੍ਰਿਸ਼ਟੀਕੋਣ ਨਾਲ ਸਾਨੂੰ ਤਕਨਾਲੋਜੀ ਵਿਚ ਉੱਨਤੀ ਵੱਲ ਵਧਣਾ ਹੋਵੇਗਾ। ਜੇਕਰ ਚੁਣੌਤੀ ਹੈ ਤਾਂ ਮਤਲਬ ਇਹ ਨਹੀਂ ਹੈ ਕਿ ਸਾਨੂੰ ਹੋਰਨਾਂ ਦੇਸ਼ਾਂ ਤੋਂ ਵੱਖ ਹੋਣਾ ਚਾਹੀਦਾ ਹੈ ਪਰ ਮਕਸਦ ਇਹ ਹੈ ਕਿ ਬੁਨਿਆਦੀ ਜ਼ਰੂਰਤਾਂ ਦਾ ਨਿਰਮਾਣ ਅਸੀਂ ਕਰੀਏ ਅਤੇ ਉਨ੍ਹਾਂ ਨੂੰ ਨਿਰਯਾਤ ਕਰਨ ਵਿਚ ਸਮਰੱਥ ਹੋਈਏ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਉਤਪਾਦਾਂ ਦੇ ਨਿਰਮਾਣ ਤੋਂ ਰੁਜ਼ਗਾਰ ਪੈਦਾ ਕਰਨ ਵਿਚ ਮਦਦ ਮਿਲੇਗੀ।
ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅਸੀਂ ਸੁਫ਼ਨਾ ਵੇਖਿਆ ਹੈ ਕਿ ਭਾਰਤ 2047 ਤੱਕ ਵਿਕਸਿਤ ਦੇਸ਼ ਬਣ ਜਾਵੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਆਤਮ ਨਿਰਭਰ ਦੇਸ਼ ਬਣ ਰਿਹਾ ਹੈ ਅਤੇ ਭਾਰਤ ਦੇ ਦੁਨੀਆ ਦੀ ਉੱਚ ਅਰਥ ਵਿਵਸਥਾ ਬਣਨ ਦੀ ਸੰਭਾਵਨਾ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ 2027 ਤੱਕ ਭਾਰਤ ਵਿਸ਼ਵ ਅਰਥ ਵਿਵਸਥਾ ਵਿਚ ਤੀਜੇ ਨੰਬਰ 'ਤੇ ਆ ਜਾਵੇਗਾ।