ਭਾਰਤ ਨੂੰ ਲੰਬੇ ਸਮੇਂ ਤੱਕ ਯੂਰੇਨੀਅਮ ਸਪਲਾਈ ਕਰੇਗਾ ਯੂਰੇਨੀਅਮ ! ਕਈ ਹੋਰ ਸਮਝੌਤਿਆਂ ''ਤੇ ਵੀ ਹੋਈ ਡੀਲ
Monday, Aug 31, 2026 - 09:32 AM (IST)
ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ੀਯੋਯੇਵ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਭਾਰਤ ਅਤੇ ਉਜ਼ਬੇਕਿਸਤਾਨ ਨੇ ਐਤਵਾਰ ਨੂੰ ਆਪਣੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫੈਸਲਾ ਕੀਤਾ ਅਤੇ 2030 ਤੱਕ ਸਾਲਾਨਾ ਵਪਾਰ ਨੂੰ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਨਿਰਧਾਰਤ ਕੀਤਾ।
ਦੋਵਾਂ ਧਿਰਾਂ ਨੇ ਨਾਗਰਿਕ ਪ੍ਰਮਾਣੂ ਊਰਜਾ ਖੇਤਰ ’ਚ ਸਹਿਯੋਗ ਦੇ ਅਨੁਕੂਲ, ਉਜ਼ਬੇਕਿਸਤਾਨ ਤੋਂ ਭਾਰਤ ਨੂੰ ਯੂਰੇਨੀਅਮ ਦੀ ਲੰਬੇ ਸਮੇਂ ਦੀ ਸਪਲਾਈ ਲਈ ਇਕ ਵਿਵਸਥਾ ਬਣਾਉਣ ’ਤੇ ਵੀ ਸਹਿਮਤੀ ਪ੍ਰਗਟਾਈ। ਗੱਲਬਾਤ ਦੌਰਾਨ ਵਪਾਰ, ਨਿਵੇਸ਼, ਬੁਨਿਆਦੀ ਢਾਂਚੇ, ਮਹੱਤਵਪੂਰਨ ਖਣਿਜਾਂ, ਮਾਈਨਿੰਗ, ਰੱਖਿਆ ਅਤੇ ਸੁਰੱਖਿਆ, ਖੇਤੀਬਾੜੀ, ਸਿਹਤ, ਸੂਚਨਾ ਤਕਨਾਲੋਜੀ, ਯੂ. ਪੀ. ਆਈ. ਸਮੇਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਸਿੱਖਿਆ ਦੇ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
ਮੋਦੀ ਨੇ ਆਪਣੇ ਪ੍ਰੈੱਸ ਬਿਆਨ ’ਚ ਕਿਹਾ ਕਿ ਦੋਵਾਂ ਧਿਰਾਂ ਨੇ 2030 ਤੱਕ ਸਾਲਾਨਾ ਦੋ-ਪੱਖੀ ਵਪਾਰ ਨੂੰ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਵੀ ਨਿਰਧਾਰਤ ਕੀਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਸਮੇਂ ਦੋ-ਪੱਖੀ ਵਪਾਰ ਦਾ ਕੁਲ ਮੁੱਲ ਇਕ ਅਰਬ ਅਮਰੀਕੀ ਡਾਲਰ ਤੋਂ ਵੱਧ ਹੈ। ਦੋਵਾਂ ਨੇਤਾਵਾਂ ਨੇ ਦੋ-ਪੱਖੀ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫੈਸਲਾ ਕੀਤਾ, ਜੋ ਭਾਰਤ ਅਤੇ ਉਜ਼ਬੇਕਿਸਤਾਨ ਵਿਚਾਲੇ ਸਹਿਯੋਗ ਦੇ ਵਿਸਤ੍ਰਿਤ ਦਾਇਰੇ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ- ਤੁਸੀਂ ਵੀ ਵਰਤਦੇ ਹੋ ਇਸ ਕੰਪਨੀ ਦੇ ਮਸਾਲੇ ਤਾਂ ਹੋ ਜਾਓ ਸਾਵਧਾਨ ! FSSAI ਨੇ ਲਾ'ਤਾ ਬੈਨ
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਤਵਾਰ ਨੂੰ ਉਜ਼ਬੇਕਿਸਤਾਨ ਦੇ ਵੱਕਾਰੀ ਸਨਮਾਨ ‘ਓਲੀ ਦਰਾਜਾਲੀ ਦੋਸਤਲਿਕ’ ਨਾਲ ਨਿਵਾਜਿਆ ਗਿਆ। ਉਨ੍ਹਾਂ ਨੇ ਇਹ ਸਨਮਾਨ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਸਥਾਈ ਸਬੰਧਾਂ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੂੰ ਇਹ ਸਨਮਾਨ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ੀਯੋਯੇਵ ਨੇ ਪ੍ਰਦਾਨ ਕੀਤਾ। ਮੋਦੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ, ‘‘ਓਲੀ ਦਰਾਜਾਲੀ ਦੋਸਤਲਿਕ’ ਸਨਮਾਨ ਪ੍ਰਾਪਤ ਕਰ ਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਇਹ ਸਨਮਾਨ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਸਥਾਈ ਸਬੰਧਾਂ ਨੂੰ ਸਮਰਪਿਤ ਕਰਦਾ ਹਾਂ।’’ ਮੋਦੀ ਨੇ ਆਪਣੇ ਸੰਬੋਧਨ ’ਚ ਕਿਹਾ, ‘‘ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਹੋਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।’’
ਉਜ਼ਬੇਕਿਸਤਾਨ ’ਚ ਯੋਗ ਸੈਸ਼ਨ ’ਚ ਸ਼ਾਮਲ ਹੋਏ ਪੀ. ਐੱਮ. ਮੋਦੀ
ਉਜ਼ਬੇਕਿਸਤਾਨ ਦੇ ਦੌਰੇ ’ਤੇ ਗਏ ਪੀ. ਐੱਮ. ਨਰਿੰਦਰ ਮੋਦੀ ਨੇ ਯੋਗ ਸੈਸ਼ਨ ’ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਰਾਜਧਾਨੀ ਤਾਸ਼ਕੰਦ ’ਚ ਉਜ਼ਬੇਕਿਸਤਾਨ ਯੋਗ ਮਹਾਸੰਘ ਵਲੋਂ ਆਯੋਜਿਤ ਯੋਗ ਸੈਸ਼ਨ ’ਚ ਪਹੁੰਚੇ। ਇਥੇ ਉਨ੍ਹਾਂ ਨੇ ਯੋਗ ਕਰ ਰਹੇ ਲੋਕਾਂ ਨਾਲ ਸਮਾਂ ਬਿਤਾਇਆ ਅਤੇ ਆਪ ਵੀ ਕਈ ਆਸਨ ਕੀਤੇ। ਉਜ਼ਬੇਕਿਸਤਾਨ ’ਚ ਯੋਗ ਕਾਫ਼ੀ ਮਸ਼ਹੂਰ ਹੈ। ਪੀ. ਐੱਮ. ਮੋਦੀ ਨੇ ਖੁਦ ਇਸ ਸੈਸ਼ਨ ਦੀ ਇਕ ਛੋਟੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਉਜ਼ਬੇਕਿਸਤਾਨ ਯੋਗ ਨੂੰ ਪਿਆਰ ਕਰਦਾ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਉਜ਼ਬੇਕਿਸਤਾਨ ’ਚ ਯੋਗ ਲੋਕਪ੍ਰਿਆ ਹੈ। ਯੋਗ ਭਾਰਤ ਅਤੇ ਉਜ਼ਬੇਕਿਸਤਾਨ ਦੇ ਲੋਕਾਂ ਵਿਚਕਾਰ ਆਪਸੀ ਸਬੰਧ ਮਜ਼ਬੂਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਸ਼ਕੰਦ ’ਚ ਯੋਗ ਸੈਸ਼ਨ ਦੌਰਾਨ ਭਾਗੀਦਾਰਾਂ ਨਾਲ ਗੱਲਬਾਤ ਕੀਤੀ ਅਤੇ ਤਸਵੀਰਾਂ ਵੀ ਖਿਚਵਾਈਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
