ਭਾਰਤ-ਯੂਕੇ ਵਪਾਰਕ ਸਬੰਧ ਲੰਡਨ ਤੋਂ ਅੱਗੇ ਵਧੇ, ਭਾਰਤੀ ਕੰਪਨੀਆਂ ਵਧਾ ਰਹੀਆਂ ਨੇ ਖੇਤਰੀ ਮੌਜੂਦਗੀ

Wednesday, Oct 07, 2026 - 01:33 PM (IST)

ਭਾਰਤ-ਯੂਕੇ ਵਪਾਰਕ ਸਬੰਧ ਲੰਡਨ ਤੋਂ ਅੱਗੇ ਵਧੇ, ਭਾਰਤੀ ਕੰਪਨੀਆਂ ਵਧਾ ਰਹੀਆਂ ਨੇ ਖੇਤਰੀ ਮੌਜੂਦਗੀ

ਬਿਜ਼ਨੈੱਸ ਡੈਸਕ : ਲੰਡਨ ਤੋਂ ਬਾਹਰ ਬ੍ਰਿਟੇਨ ਦੇ ਖੇਤਰੀ ਇਲਾਕਿਆਂ ਵਿੱਚ ਭਾਰਤੀ ਕੰਪਨੀਆਂ ਦੀ ਮੌਜੂਦਗੀ ਲਗਾਤਾਰ ਵਧ ਰਹੀ ਹੈ, ਜਿਸ ਨਾਲ ਭਾਰਤ ਅਤੇ ਯੂ.ਕੇ. ਦੇ ਵਪਾਰਕ ਅਤੇ ਆਰਥਿਕ ਸਬੰਧ ਹੋਰ ਮਜ਼ਬੂਤ ਹੋਏ ਹਨ। ਗ੍ਰਾਂਟ ਥੌਰਨਟਨ ਯੂ.ਕੇ. ਵੱਲੋਂ ਭਾਰਤੀ ਉਦਯੋਗ ਸੰਘ (CII) ਅਤੇ ਇੰਡੀਆ ਗਲੋਬਲ ਫੋਰਮ ਦੇ ਸਹਿਯੋਗ ਨਾਲ ਜਾਰੀ 'ਇੰਡੀਆ ਮੀਟਸ ਬ੍ਰਿਟੇਨ ਟ੍ਰੈਕਰ' ਦੇ 13ਵੇਂ ਐਡੀਸ਼ਨ ਅਨੁਸਾਰ, ਬ੍ਰਿਟੇਨ ਵਿੱਚ ਇਸ ਵੇਲੇ 1,912 ਭਾਰਤੀ ਮਲਕੀਅਤ ਵਾਲੀਆਂ ਕੰਪਨੀਆਂ ਕੰਮ ਕਰ ਰਹੀਆਂ ਹਨ। ਇਹ ਕੰਪਨੀਆਂ ਕੁੱਲ 2,03,549 ਲੋਕਾਂ ਨੂੰ ਰੋਜ਼ਗਾਰ ਦਿੰਦੀਆਂ ਹਨ ਅਤੇ ਇਨ੍ਹਾਂ ਦਾ ਸਲਾਨਾ ਟਰਨਓਵਰ 105.77 ਅਰਬ ਪੌਂਡ ਹੈ।

ਖੇਤਰੀ ਇਲਾਕਿਆਂ 'ਚ ਵਾਧਾ ਅਤੇ ਨਿਵੇਸ਼
ਰਿਪੋਰਟ ਅਨੁਸਾਰ, ਬ੍ਰਿਟੇਨ ਵਿੱਚ ਭਾਰਤੀ ਕੰਪਨੀਆਂ ਦਾ ਸਭ ਤੋਂ ਵੱਡਾ ਹਿੱਸਾ (38 ਫੀਸਦੀ) ਅਜੇ ਵੀ ਲੰਡਨ ਵਿੱਚ ਹੈ, ਪਰ 2018 ਤੋਂ 2021 ਦਰਮਿਆਨ ਦਰਜ ਕੀਤੇ ਗਏ 50 ਫੀਸਦੀ ਤੋਂ ਵੱਧ ਦੇ ਅੰਕੜੇ ਦੇ ਮੁਕਾਬਲੇ ਇਸ ਵਿੱਚ ਗਿਰਾਵਟ ਆਈ ਹੈ। ਹੁਣ ਦੱਖਣੀ ਬ੍ਰਿਟੇਨ ਵਿੱਚ 27 ਫੀਸਦੀ, ਮਿਡਲੈਂਡਜ਼ ਵਿੱਚ 12 ਫੀਸਦੀ ਅਤੇ ਉੱਤਰੀ ਖੇਤਰ ਵਿੱਚ 11 ਫੀਸਦੀ ਭਾਰਤੀ ਕੰਪਨੀਆਂ ਮੌਜੂਦ ਹਨ। ਵੈਸਟ ਮਿਡਲੈਂਡਜ਼ ਦੇ ਮੇਅਰ ਰਿਚਰਡ ਪਾਰਕਰ ਅਨੁਸਾਰ, ਇਸ ਖੇਤਰ ਨੇ ਪਿਛਲੇ ਦਹਾਕੇ ਵਿੱਚ ਭਾਰਤੀ ਪ੍ਰਤੱਖ ਵਿਦੇਸ਼ੀ ਨਿਵੇਸ਼ (FDI) ਤੋਂ 3.5 ਅਰਬ ਪੌਂਡ ਤੋਂ ਵੱਧ ਦਾ ਨਿਵੇਸ਼ ਹਾਸਲ ਕੀਤਾ ਹੈ, ਜਿਸ ਨਾਲ 13,000 ਤੋਂ ਵੱਧ ਨੌਕਰੀਆਂ ਪੈਦਾ ਹੋਈਆਂ ਹਨ। ਟਾਟਾ ਗਰੁੱਪ, ਟੀ.ਵੀ.ਐੱਸ. ਮੋਟਰ, ਇਨਫੋਸਿਸ ਅਤੇ ਮਹਿੰਦਰਾ ਵਰਗੀਆਂ ਪ੍ਰਮੁੱਖ ਕੰਪਨੀਆਂ ਇਸ ਖੇਤਰ ਵਿੱਚ ਕਾਰਜਸ਼ੀਲ ਹਨ।

ਤਕਨਾਲੋਜੀ ਅਤੇ ਰੋਜ਼ਗਾਰ ਦੇ ਖੇਤਰ 'ਚ ਯੋਗਦਾਨ
ਭਾਰਤੀ ਟੈਕਨਾਲੋਜੀ ਕੰਪਨੀ ਹੈਕਸਾਵੇਅਰ ਨੇ ਬਰਮਿੰਘਮ, ਮੈਨਚੈਸਟਰ ਅਤੇ ਲੀਡਜ਼ ਵਿੱਚ ਆਪਣੇ ਕਾਰੋਬਾਰ ਦੇ ਵਿਸਤਾਰ ਲਈ 2.5 ਕਰੋੜ ਪੌਂਡ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ 1,200 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਇਸੇ ਤਰ੍ਹਾਂ ਡਿਜੀਟਲ ਇੰਜੀਨੀਅਰਿੰਗ ਕੰਪਨੀ ਮਾਸਟੇਕ ਨੇ ਲੀਡਜ਼ ਵਿੱਚ 20 ਲੱਖ ਪੌਂਡ ਦੇ ਨਿਵੇਸ਼ ਨਾਲ 200 ਨੌਕਰੀਆਂ ਪੈਦਾ ਕੀਤੀਆਂ ਹਨ। ਟਾਟਾ ਮੋਟਰਜ਼ ਦੀ 'ਜੈਗੂਆਰ ਲੈਂਡ ਰੋਵਰ' (JLR) 44,000 ਤੋਂ ਵੱਧ ਕਰਮਚਾਰੀਆਂ ਨਾਲ ਬ੍ਰਿਟੇਨ ਵਿੱਚ ਸਭ ਤੋਂ ਵੱਡੀ ਭਾਰਤੀ ਕਾਰਪੋਰੇਟ ਰੋਜ਼ਗਾਰਦਾਤਾ ਹੈ, ਜਦਕਿ ਟਾਟਾ ਸਟੀਲ ਲਗਭਗ 20,000 ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ। ਇਸ ਸਾਲ ਟ੍ਰੈਕਰ ਵਿੱਚ 26 ਫੀਸਦੀ ਨਵੀਆਂ ਕੰਪਨੀਆਂ ਸ਼ਾਮਲ ਹੋਈਆਂ ਹ। ਬ੍ਰਿਟੇਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਪਰੀਆਸਾਮੀ ਕੁਮਾਰਨ ਅਨੁਸਾਰ, ਅੱਜ ਭਾਰਤ-ਯੂ.ਕੇ. ਸਬੰਧ ਸਿਰਫ਼ ਪੁਰਾਣੀਆਂ ਯਾਦਾਂ ਤੱਕ ਸੀਮਤ ਨਹੀਂ ਹਨ, ਸਗੋਂ ਨਵੇਂ ਅਵਸਰਾਂ 'ਤੇ ਆਧਾਰਿਤ ਹਨ। 15 ਜੁਲਾਈ ਤੋਂ ਲਾਗੂ ਹੋਏ ਯੂ.ਕੇ.-ਭਾਰਤ ਮੁਫ਼ਤ ਵਪਾਰ ਸਮਝੌਤੇ (FTA) ਨੇ ਵੀ ਦੋਵਾਂ ਦੇਸ਼ਾਂ ਦੇ ਨਿਵੇਸ਼ ਨੂੰ ਨਵਾਂ ਮੋੜ ਦਿੱਤਾ ਹੈ।


author

Tarsem Singh

Content Editor

Related News