ਅਮਰੀਕਾ ਨਾਲ ਵਪਾਰ ਸਮਝੌਤੇ ’ਤੇ ਬੋਲੇ ਪਿਊਸ਼ ਗੋਇਲ, ''ਭਾਰਤ ਆਪਣੀ ਤਾਕਤ ਦੇ ਦਮ ’ਤੇ ਕਰਦਾ ਹੈ ਗੱਲਬਾਤ''
Saturday, Jul 05, 2025 - 10:55 PM (IST)

ਬੈਂਗਲੁਰੂ, (ਭਾਸ਼ਾ)- ਕੇਂਦਰੀ ਵਪਰ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਆਪਣੀ ਤਾਕਤ ਦੇ ਦਮ ’ਤੇ ਗੱਲਬਾਤ ਕਰਦਾ ਹੈ, ਨਾ ਕਿ ਕਿਸੇ ਸਮਾਂ ਹੱਦ ਅਧੀਨ।
ਉਨ੍ਹਾਂ ਕਾਂਗਰਸ ’ਤੇ ਯੂ. ਪੀ. ਏ. ਸਰਕਾਰ ਦੌਰਾਨ ਅਜਿਹੇ ਸਮਝੌਤਿਆਂ ’ਤੇ ਗੱਲਬਾਤ ਤੇ ਦਸਤਖਤ ਕਰਨ ਦਾ ਦੋਸ਼ ਲਾਇਆ ਜੋ ਰਾਸ਼ਟਰੀ ਹਿੱਤ ’ਚ ਨਹੀਂ ਸਨ। ਇਸ ਤੋਂ ਪਹਿਲਾਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਸੀ।
ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਆਂ ਕਿਹਾ ਕਿ ਅਸੀਂ ਰਾਸ਼ਟਰੀ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਗੱਲਬਾਤ ਕਰਦੇ ਹਾਂ । ਦੁਨੀਆ ’ਚ ਸਾਡੇ ਸਾਰੇ ਕੰਮਾਂ ’ਚ ਰਾਸ਼ਟਰੀ ਹਿੱਤ ਸਰਵਉੱਚ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਅਸੀਂ ਮਾਰੀਸ਼ਸ, ਸੰਯੁਕਤ ਅਰਬ ਅਮੀਰਾਤ, ਆਸਟ੍ਰੇਲੀਆ ਤੇ ਚਾਰ ਹੋਰ ਦੇਸ਼ਾਂ ਦੇ ਈ. ਐਫ. ਟੀ. ਏ. ਗਰੁੱਪ ਨਾਲ ਸਮਝੌਤੇ ਕੀਤੇ ਹਨ ਅਤੇ ਹੁਣ ਪਿਛਲੇ ਮਹੀਨੇ ਬ੍ਰਿਟੇਨ ਨਾਲ ਵੀ ਇੱਕ ਸਮਝੌਤਾ ਹੋਇਆ ਹੈ।
ਉਨ੍ਹਾਂ ਅਨੁਸਾਰ ਭਾਰਤ 27 ਦੇਸ਼ਾਂ ਵਾਲੀ ਯੂਰਪੀਨ ਯੂਨੀਅਨ, ਅਮਰੀਕਾ, ਓਮਾਨ, ਪੇਰੂ ਅਤੇ ਚਿਲੀ ਸਮੇਤ ਹੋਰ ਵਿਕਸਤ ਦੇਸ਼ਾਂ ਨਾਲ ਨੇੜਿਓਂ ਜੁੜਨਾ ਚਾਹੁੰਦਾ ਹੈ। ਅੱਜ ਭਾਰਤ ਕਾਂਗਰਸ ਤੇ .ਯੂ. ਪੀ .ਏ. ਦੇ ਸਮੇਂ ਵਾਂਗ ਕਮਜ਼ੋਰ ਨਹੀਂ ਹੈ, ਜਿਨ੍ਹਾਂ ਨੇ ਅਜਿਹੇ ਸਮਝੌਤੇ ਕੀਤੇ ਸਨ ਜੋ ਰਾਸ਼ਟਰੀ ਹਿੱਤ ਵਿੱਚ ਨਹੀਂ ਸਨ।
ਰਾਹੁਲ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਗੋਇਲ ਨੇ ਕਿਹਾ ਕਿ ਹੁਣ ਕੋਈ ਵੀ ਰਾਹੁਲ ਗਾਂਧੀ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ, ਕਿਉਂਕਿ ਉਹ, ਉਨ੍ਹਾਂ ਦੀ ਪਾਰਟੀ ਤੇ ਉਨ੍ਹਾਂ ਦੇ ਸਾਥੀ ਲਗਾਤਾਰ ਨਕਾਰਾਤਮਕਤਾ ਫੈਲਾ ਰਹੇ ਹਨ। ਮੈਨੂੰ ਲੱਗਦਾ ਹੈ ਕਿ ਉਹ ਆਪਣਾ ਟੀਚਾ ਗੁਆ ਚੁੱਕੇ ਹਨ। ਉਨ੍ਹਾਂ ਨੇ ਭਾਰਤ ਦੇ ਲੋਕਾਂ ਦਾ ਭਰੋਸਾ ਗੁਆ ਦਿੱਤਾ ਹੈ।