ਬਿਡੇਨ ਪ੍ਰਸ਼ਾਸਨ ''ਚ ਅਮਰੀਕਾ ਦਾ ਅਹਿਮ ਸਾਂਝੀਦਾਰ ਬਣੇਗਾ ਭਾਰਤ, ਰੱਖਿਆ ਸਬੰਧ ਹੋਣਗੇ ਮਜ਼ਬੂਤ

Monday, Aug 17, 2020 - 11:53 AM (IST)

ਬਿਡੇਨ ਪ੍ਰਸ਼ਾਸਨ ''ਚ ਅਮਰੀਕਾ ਦਾ ਅਹਿਮ ਸਾਂਝੀਦਾਰ ਬਣੇਗਾ ਭਾਰਤ, ਰੱਖਿਆ ਸਬੰਧ ਹੋਣਗੇ ਮਜ਼ਬੂਤ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਲਈ ਚੋਣ ਮੁਹਿੰਮ ਦੇ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਬਿਡੇਨ ਪ੍ਰਸ਼ਾਸਨ ਕੌਮਾਂਤਰੀ ਅਦਾਰਿਆਂ ਵਿਚ ਭਾਰਤ ਦੀ ਮੋਹਰੀ ਭੂਮਿਕਾ ਦੀ ਵਕਾਲਤ ਕਰੇਗਾ ਅਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿਚ ਸੁਧਾਰ ਕਰਨ ਤੋਂ ਬਾਅਦ ਭਾਰਤ ਨੂੰ ਮੈਂਬਰ ਬਣਨ ਵਿਚ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਕਾਰ ਇਕ ਆਮ ਚੁਣੌਤੀ ਹੈ ਕਿ ਉਹ ਚੀਨ ਦੀ ਸਰਹੱਦਾਂ ਨੂੰ ਲੈ ਕੇ ਲਗਾਤਾਰ ਵੱਧ ਰਹੀ ਵਿਸਥਾਰਵਾਦੀ ਨੀਤੀ ਨਾਲ ਨਜਿੱਠਣ। 

ਸਾਬਕਾ ਡਿਪਲੋਮੈਟ ਅਤੇ ਬਿਡੇਨ ਦੀ ਵਿਦੇਸ਼ ਨੀਤੀ ਦੇ ਸਲਾਹਕਾਰ ਟੋਨੀ ਬਲਿੰਕੇਨ ਨੇ ਕਿਹਾ ਕਿ ਬਿਡੇਨ ਪ੍ਰਸ਼ਾਸਨ ਦੱਖਣੀ ਏਸ਼ੀਆ ਵਿਚ ਅੱਤਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਏਗਾ। ਬਲਿੰਕੇਨ ਨੇ ‘ਜੋਅ ਬਿਡੇਨ ਪ੍ਰਸ਼ਾਸਨ ਵਿਚ ਭਾਰਤੀ-ਅਮਰੀਕੀ ਅਤੇ ਅਮਰੀਕਾ-ਭਾਰਤ ਸੰਬੰਧ’ ਵਿਸ਼ੇ ‘ਤੇ ਵਿਚਾਰ-ਵਟਾਂਦਰੇ ਦੌਰਾਨ ਕਿਹਾ ਕਿ ਜੇਕਰ ਬਿਡੇਨ ਚੋਣ ਜਿੱਤ ਜਾਂਦੇ ਹਨ ਤਾਂ ਉਹ ਭਾਰਤ ਨੂੰ ਸੁਰੱਖਿਆ ਪ੍ਰੀਸ਼ਦ ਵਿਚ ਸੀਟ ਦਿਵਾਉਣ ਵਿਚ ਸਹਾਇਤਾ ਕਰਨਗੇ ਅਤੇ ਭਾਰਤ ਅਤੇ ਅਮਰੀਕਾ ਦੇ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨਗੇ।

ਉਨ੍ਹਾਂ ਨੇ ਭਾਰਤ ਵਿਚ ਸਾਬਕਾ ਅਮਰੀਕੀ ਰਾਜਦੂਤ ਰਿਚਰਡ ਵਰਮਾ ਦੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਮੰਨਦੇ ਹਨ ਕਿ ਜੋਅ ਬਿਡੇਨ ਰਾਸ਼ਟਰਪਤੀ ਵਜੋਂ ਲੋਕਤੰਤਰ ਨੂੰ ਮੁੜ ਜੀਵਤ ਕਰਨ ਲਈ ਅਤੇ ਭਾਰਤ ਵਰਗੇ ਨੇੜਲੇ ਸਹਿਯੋਗੀ ਦੇਸ਼ਾਂ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਟਰੇਡ ਵਾਰ 'ਤੇ ਵਧੇਰੇ ਧਿਆਨ ਦਿੱਤਾ ਹੈ ਜਦਕਿ ਓਬਾਮਾ-ਬਿਡੇਨ ਦੇ ਪ੍ਰਸ਼ਾਸਨ ਵਿਚ ਭਾਰਤ ਨੂੰ ਰੱਖਿਆ ਖੇਤਰ ਵਿਚ ਮਜ਼ਬੂਤੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਓਬਾਮਾ ਪ੍ਰਸ਼ਾਸਨ ਵਿਚ ਅਸੀਂ ਭਾਰਤ ਨੂੰ ਇੰਡੋ-ਪ੍ਰਸ਼ਾਂਤ ਰਣਨੀਤੀ ਦੇ ਇਕ ਮਹੱਤਵਪੂਰਨ ਸਹਿਯੋਗੀ ਵਜੋਂ ਸਥਾਪਤ ਕਰਨ ਵਿਚ ਖਾਸਭੂਮਿਕਾ ਨਿਭਾਈ। 

ਬਲਿੰਕੇਨ ਨੂੰ ਸਵਾਲ ਕੀਤਾ ਗਿਆ ਕਿ ਵਿਸ਼ਵ ਹਿੰਦ-ਪ੍ਰਸ਼ਾਂਤ ਖੇਤਰ ਅਤੇ ਭਾਰਤੀ ਸਰਹੱਦ ‘ਤੇ ਚੀਨੀ ਹਮਲੇ ਨੂੰ ਕਿਸ ਤਰ੍ਹਾਂ ਵੇਖ ਰਿਹਾ ਹੈ ਅਤੇ ਭਾਰਤ ਸਰਹੱਦ ਪਾਰ ਅੱਤਵਾਦ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੇ ਵਿਚ ਅਮਰੀਕਾ ਵਿਚ ਬਿਡੇਨ ਪ੍ਰਸ਼ਾਸਨ ਭਾਰਤ ਦਾ ਸਮਰਥਨ ਕਿਵੇਂ ਕਰੇਗਾ।ਬਲਿੰਕੇਨ ਨੇ ਕਿਹਾ, "ਇਸ ਭੂਮਿਕਾ ਨੂੰ ਖੇਤਰ ਤੋਂ ਪਾਰ ਸਾਰੇ ਵਿਸ਼ਵ ਤੱਕ ਵਧਾਉਣ ਦੀ ਜ਼ਰੂਰਤ ਹੈ।" ਬਿਡੇਨ ਪ੍ਰਸ਼ਾਸਨ ਵਿਚ ਅਸੀਂ ਵਕਾਲਤ ਕਰਾਂਗੇ ਕਿ ਅੰਤਰਰਾਸ਼ਟਰੀ ਅਦਾਰਿਆਂ ਵਿਚ ਭਾਰਤ ਮੋਹਰੀ ਭੂਮਿਕਾ ਅਦਾ ਕਰੇ। ਇਨ੍ਹਾਂ ਵਿਚ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਨੂੰ ਸੁਧਾਰਨਾ ਅਤੇ ਇਸ ਵਿਚ ਭਾਰਤ ਨੂੰ ਸੀਟ ਦਿਵਾਉਣ ਵਿਚ ਮਦਦ ਕਰਨਾ ਸ਼ਾਮਲ ਹੈ।
ਉਨ੍ਹਾਂ ਕਿਹਾ, "ਅਸੀਂ ਭਾਰਤ ਦੇ ਭਾਈਵਾਲ ਵਜੋਂ ਅਤੇ ਅੱਤਵਾਦ ਵਿਰੁੱਧ ਭਾਰਤ ਦੀਆਂ ਯੋਗਤਾਵਾਂ ਨੂੰ ਮਜ਼ਬੂਤ​ਕਰਨ ਲਈ ਮਿਲ ਕੇ ਕੰਮ ਕਰਾਂਗੇ।" ਬਲਿੰਕੇਨ ਨੇ ਕਿਹਾ ਕਿ ਬਿਡੇਨ ਪ੍ਰਸ਼ਾਸਨ ਦੱਖਣੀ ਏਸ਼ੀਆ ਸਣੇ ਪੂਰੀ ਦੁਨੀਆ ਵਿਚ ਅੱਤਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਏਗਾ।
 


author

Lalita Mam

Content Editor

Related News