ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਤਿਆਰੀ ''ਚ ਭਾਰਤ ਤੇ ਬ੍ਰਿਟੇਨ ! ਦੋਵਾਂ ਦੇਸ਼ਾਂ ਵਿਚਾਲੇ ਹੋਈ ਉੱਚ-ਪੱਧਰੀ ਬੈਠਕ
Tuesday, Jun 23, 2026 - 06:03 PM (IST)
ਨਵੀਂ ਦਿੱਲੀ- ਭਾਰਤ ਅਤੇ ਬ੍ਰਿਟੇਨ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਮਗਰੋਂ ਹੁਣ ਦੋਵੇਂ ਦੇਸ਼ ਰੱਖਿਆ ਸਹਿਯੋਗ ਨੂੰ ਵੀ ਹੋਰ ਮਜ਼ਬੂਤ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਦੋਵਾਂ ਦੇਸ਼ਾਂ ਨੇ ਫੌਜਾਂ ਵਿਚਾਲੇ ਆਪਸੀ ਭਾਈਵਾਲੀ ਅਤੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਅਹਿਮ ਉੱਚ-ਪੱਧਰੀ ਬੈਠਕ ਵਿੱਚ ਸਾਰਥਕ ਚਰਚਾ ਕੀਤੀ ਹੈ।
ਭਾਰਤੀ ਫੌਜ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਸਾਂਝੀ ਕਰ ਲਿਖਿਆ ਕਿ 'ਭਾਰਤ-ਬ੍ਰਿਟੇਨ ਕਾਰਜਕਾਰੀ ਸੰਚਾਲਨ ਸਮੂਹ' (ESG) ਦੀ 15ਵੀਂ ਬੈਠਕ 17 ਤੋਂ 19 ਜੂਨ ਦੇ ਵਿਚਕਾਰ ਬ੍ਰਿਟੇਨ ਵਿੱਚ ਆਯੋਜਿਤ ਕੀਤੀ ਗਈ ਸੀ।
ਇਸ ਦੌਰਾਨ ਭਾਰਤੀ ਵਫ਼ਦ ਨੇ ਬ੍ਰਿਟੇਨ ਦੇ 'ਟ੍ਰਾਇਲਸ ਐਂਡ ਐਕਸਪੈਰੀਮੈਂਟਲ ਗਰੁੱਪ', ਲੰਡਨ ਸਥਿਤ ਰੱਖਿਆ ਮੰਤਰਾਲੇ ਅਤੇ ਸਟੀਵਨੇਜ ਸਥਿਤ ਪ੍ਰਮੁੱਖ ਰੱਖਿਆ ਕੰਪਨੀ ਐੱਮ.ਬੀ.ਡੀ.ਏ. (MBDA) ਦਾ ਦੌਰਾ ਵੀ ਕੀਤਾ। ਇਸ ਬੈਠਕ ਦਾ ਮੁੱਖ ਕੇਂਦਰ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਕਾਰ ਬਿਹਤਰ ਤਾਲਮੇਲ, ਦੁਵੱਲੇ ਸਾਂਝੇ ਫ਼ੌਜੀ ਅਭਿਆਸ ਅਤੇ ਸਿਖਲਾਈ (ਟ੍ਰੇਨਿੰਗ) ਨੂੰ ਵਧਾਉਣਾ ਸੀ।
ਇਸ ਤੋਂ ਇਲਾਵਾ, ਉੱਭਰ ਰਹੀਆਂ ਨਵੀਆਂ ਫ਼ੌਜੀ ਤਕਨੀਕਾਂ ਦੇ ਖੇਤਰ ਵਿੱਚ ਮਾਹਿਰਾਂ ਦੇ ਆਦਾਨ-ਪ੍ਰਦਾਨ ਅਤੇ ਰੱਖਿਆ ਖੇਤਰ ਦੇ 'ਥਿੰਕ ਟੈਂਕ' ਵਿਚਕਾਰ ਸਹਿਯੋਗ ਵਧਾਉਣ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਰਤੀ ਸੈਨਾ ਮੁਤਾਬਕ ਇਹ ਗੱਲਬਾਤ ਪੂਰੀ ਤਰ੍ਹਾਂ ਰਚਨਾਤਮਕ ਅਤੇ ਭਵਿੱਖ-ਮੁਖੀ ਰਹੀ, ਜਿਸ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਇੱਕ ਰੋਡਮੈਪ ਤਿਆਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨਵੀਂ ਦਿੱਲੀ ਵਿਖੇ ਬ੍ਰਿਟੇਨ ਦੀ ਵਿਦੇਸ਼ ਮੰਤਰੀ ਯਵੇਟ ਕੂਪਰ ਨਾਲ ਮੁਲਾਕਾਤ ਕੀਤੀ ਸੀ। ਉਸ ਦੌਰਾਨ ਵੀ ਉਨ੍ਹਾਂ ਕਿਹਾ ਸੀ ਕਿ ਹਾਲ ਹੀ ਵਿੱਚ ਹੋਏ ਵਿਆਪਕ ਵਪਾਰਕ ਸਮਝੌਤੇ ਅਤੇ ਰੱਖਿਆ ਉਦਯੋਗਿਕ ਰੋਡਮੈਪ ਦੇ ਆਧਾਰ 'ਤੇ ਭਾਰਤ ਅਤੇ ਬ੍ਰਿਟੇਨ ਇੱਕ ਆਪਸੀ ਲਾਭਕਾਰੀ ਅਤੇ ਭਵਿੱਖ-ਕੇਂਦ੍ਰਿਤ ਸਾਂਝੇਦਾਰੀ ਵਿਕਸਿਤ ਕਰਨ ਲਈ ਮਜ਼ਬੂਤ ਸਥਿਤੀ ਵਿੱਚ ਹਨ।
