ਕੋਰੋਨਾ ਦਾ ਵੱਡਾ ਉਛਾਲ: ਪਹਿਲੀ ਵਾਰ 75 ਹਜ਼ਾਰ ਤੋਂ ਵਧੇਰੇ ਨਵੇਂ ਕੇਸ, ਅੰਕੜਾ 33 ਲੱਖ ਪਾਰ
Thursday, Aug 27, 2020 - 11:03 AM (IST)

ਨਵੀਂ ਦਿੱਲੀ— ਦੇਸ਼ 'ਚ ਪਹਿਲੀ ਵਾਰ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ 75 ਹਜ਼ਾਰ ਤੋਂ ਵਧੇਰੇ ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਪੀੜਤਾਂ ਦੀ ਗਿਣਤੀ 33 ਲੱਖ ਦੇ ਪਾਰ ਹੋ ਗਈ ਹੈ। ਇਸ ਦੌਰਾਨ ਵਾਇਰਸ ਤੋਂ ਮੁਕਤ ਹੋਣ ਵਾਲਿਆਂ ਦੀ ਗਿਣਤੀ ਤੁਲਨਾਤਮਕ ਤੌਰ 'ਤੇ ਘੱਟ ਰਹਿਣ ਨਾਲ ਸਰਗਰਮ ਕੇਸ 18 ਹਜ਼ਾਰ ਤੋਂ ਵੱਧ ਗਏ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਵੀਰਵਾਰ ਯਾਨੀ ਕਿ ਅੱਜ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 75,760 ਨਵੇਂ ਕੇਸਾਂ ਨਾਲ ਪੀੜਤਾਂ ਦਾ ਅੰਕੜਾ 33,10, 235 ਹੋ ਗਿਆ। ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਹੋਇਆ ਇਹ ਰਿਕਾਰਡ ਵਾਧਾ ਦੁਨੀਆ ਦੇ ਕਿਸੇ ਵੀ ਦੇਸ਼ 'ਚ ਇਕ ਦਿਨ ਵਿਚ ਦਰਜ ਕੀਤਾ ਗਿਆ ਤੀਜਾ ਸਭ ਤੋਂ ਵੱਡਾ ਅੰਕੜਾ ਹੈ।
ਇਸ ਤੋਂ ਪਹਿਲਾਂ ਅਮਰੀਕਾ ਵਿਚ 17 ਜੁਲਾਈ ਨੂੰ 76,930 ਅਤੇ 25 ਜੁਲਾਈ ਨੂੰ 78,427 ਕੇਸ ਆਏ ਸਨ ਜਦਕਿ ਭਾਰਤ 'ਚ ਇਕ ਦਿਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਸਭ ਤੋਂ ਵੱਡਾ ਉਛਾਲ 22 ਅਗਸਤ ਨੂੰ ਦਰਜ ਕੀਤਾ ਗਿਆ ਸੀ। ਉਸ ਦਿਨ ਭਾਰਤ 'ਚ 70,488 ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਸੀ।
ਪਿਛਲੇ 24 ਘੰਟਿਆਂ ਦੌਰਾਨ 56,013 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਨਾਲ ਕੋਰੋਨਾ ਤੋਂ ਮੁਕਤੀ ਪਾਉਣ ਵਾਲਿਆਂ ਦੀ ਗਿਣਤੀ 25,23,772 ਹੋ ਗਈ ਹੈ। ਸਿਹਤਯਾਬ ਹੋਣ ਵਾਲਿਆਂ ਦੀ ਤੁਲਨਾ ਵਿਚ ਵਾਇਰਸ ਦੇ ਨਵੇਂ ਕੇਸ ਵੱਧ ਹੋਣ ਨਾਲ ਸਰਗਰਮ ਕੇਸਾਂ ਵਿਚ 18,724 ਦਾ ਵਾਧਾ ਹੋਇਆ ਹੈ ਅਤੇ ਇਹ ਗਿਣਤੀ 7,25,991 ਹੋ ਗਈ ਹੈ। ਇਕ ਦਿਨ ਵਿਚ ਕੋਰੋਨਾ ਕਾਰਨ 1,023 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 60,472 ਹੋ ਗਿਆ ਹੈ। ਦੇਸ਼ ਵਿਚ ਸਰਗਰਮ ਕੇਸ 21.93 ਫੀਸਦੀ ਅਤੇ ਰੋਗ ਮੁਕਤ ਹੋਣ ਵਾਲਿਆਂ ਦੀ ਦਰ 76.24 ਫੀਸਦੀ ਹੈ, ਜਦਕਿ ਮ੍ਰਿਤਕਾਂ ਦੀ ਦਰ 1.83 ਫੀਸਦੀ ਹੈ। ਕੋਰੋਨਾ ਟੈਸਟਿੰਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ 26 ਅਗਸਤ 2020 ਤੱਕ 3,85,76,510 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 26 ਅਗਸਤ ਨੂੰ ਹੀ 9,24,998 ਕੋਰੋਨਾ ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ।