ਖ਼ਾਲਿਸਤਾਨ ਮਾਮਲੇ ''ਤੇ ਜਸਟਿਨ ਟਰੂਡੋ ਦੇ ਬਿਆਨ ''ਤੇ ਭਾਰਤੀ ਵਿਦੇਸ਼ ਮੰਤਰਾਲੇ ਦਾ ਜਵਾਬ, ਕਹੀਆਂ ਇਹ ਗੱਲਾਂ

Thursday, Jul 06, 2023 - 08:59 PM (IST)

ਖ਼ਾਲਿਸਤਾਨ ਮਾਮਲੇ ''ਤੇ ਜਸਟਿਨ ਟਰੂਡੋ ਦੇ ਬਿਆਨ ''ਤੇ ਭਾਰਤੀ ਵਿਦੇਸ਼ ਮੰਤਰਾਲੇ ਦਾ ਜਵਾਬ, ਕਹੀਆਂ ਇਹ ਗੱਲਾਂ

ਨਵੀਂ ਦਿੱਲੀ (ਭਾਸ਼ਾ): ਭਾਰਤ ਨੇ ਕੈਨੇਡਾ, ਬ੍ਰਿਟੇਨ, ਅਮਰੀਕਾ ਜਿਹੇ ਦੇਸ਼ਾਂ ਵਿਚ ਖ਼ਾਲਿਸਤਾਨੀ ਅਨਸਰਾਂ ਦੀਆਂ ਸਰਗਰਮੀਆਂ ਤੇ ਹਿੰਸਾ ਭੜਕਾਉਣ ਦੀਆਂ ਘਟਨਾਵਾਂ ਨੂੰ ਨਾਮਨਜ਼ੂਰ ਕਰਾਰ ਦਿੱਤਾ ਹੈ। ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਦੂਜੇ ਦੇਸ਼ਾਂ ਦੇ ਡਿਪਲੋਮੈਟ, ਆਪਣੇ ਮਿਸ਼ਨ ਦੀ ਸੁਰੱਖਿਆ ਸਰਕਾਰ ਦੀ ਤਰਜੀਹ ਹੈ ਤੇ ਮੇਜ਼ਬਾਨ ਦੇਸ਼ ਤੋਂ ਵੀ ਹਾਈ ਕਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਆਸ ਕੀਤੀ ਜਾਂਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਨੇ ਪੰਜਾਬ ਲਈ ਬਣਾਈ ਸਿਆਸੀ ਮਾਮਲਿਆਂ ਦੀ ਕਮੇਟੀ, ਇਨ੍ਹਾਂ ਆਗੂਆਂ ਨੂੰ ਕੀਤਾ ਸ਼ਾਮਲ, ਪੜ੍ਹੋ ਸੂਚੀ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਵਿਚ ਕਿਹਾ, "ਭਾਰਤੀ ਡਿਪਲੋਮੈਟਸ, ਮਿਸ਼ਨ ਦੇ ਖ਼ਿਲਾਫ਼ ਹਿੰਸਾ ਭੜਕਾਉਣ ਵਾਲੇ ਪੋਸਟਰ ਨਾਮਨਜ਼ੂਰ ਹਨ। ਇਹ ਇਕ ਗੰਭੀਰ ਮੁੱਦਾ ਹੈ ਤੇ ਅਸੀਂ ਸਬੰਧਤ ਦੇਸ਼ਾਂ ਅੱਗੇ ਇਸ ਨੂੰ ਚੁੱਕਿਆ ਹੈ। ਅਸੀਂ ਚਾਹੁੰਦੇ ਹਾਂ ਕਿ ਪ੍ਰਗਟਾਵੇ ਦੀ ਅਜ਼ਾਦੀ ਦੇ ਨਾਂ 'ਤੇ ਅੱਤਵਾਦੀ, ਕੱਟੜਪੰਥੀ ਅਨਸਰਾਂ ਨੂੰ ਕੋਈ ਜਗ੍ਹਾ ਨਾ ਦਿੱਤੀ ਜਾਵੇ।" ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਵੱਲੋਂ ਖ਼ਾਲਿਸਤਾਨ ਦੇ ਮੁੱਦੇ 'ਤੇ ਕੈਨੇਡਾ ਸਰਕਾਰ ਵੱਲੋਂ ਵਰਤੀ ਜਾ ਰਹੀ ਨਰਮੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸੀ ਕਿ ਕੈਨੇਡਾ "ਬਹੁਤ ਹੀ ਵਿਭਿੰਨਤਾ ਵਾਲਾ ਦੇਸ਼" ਹੈ ਅਤੇ ਇੱਥੇ ਪ੍ਰਗਟਾਵੇ ਦੀ ਆਜ਼ਾਦੀ ਹੈ। ਪਰ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਹਿੰਸਾ ਅਤੇ ਕੱਟੜਪੰਥ ਦੇ ਸਾਰੇ ਰੂਪਾਂ ਦਾ ਮੁਕਾਬਲਾ ਕੀਤਾ ਜਾਵੇ। 

ਇਹ ਖ਼ਬਰ ਵੀ ਪੜ੍ਹੋ - ਖ਼ਾਲਿਸਤਾਨ ਦੇ ਮਾਮਲੇ 'ਤੇ ਬੋਲੇ ਜਸਟਿਨ ਟਰੂਡੋ, ਜੈਸ਼ੰਕਰ ਦੇ ਇਲਜ਼ਾਮ ਨੂੰ ਨਕਾਰਦਿਆਂ ਦਿੱਤਾ ਵੱਡਾ ਬਿਆਨ

ਬਾਗਚੀ ਨੇ ਕਿਹਾ ਕਿ ਡਿਪਲੋਮੈਟਾਂ, ਕੌਂਸਲੇਟਾਂ, ਹਾਈ ਕਮਿਸ਼ਨਾਂ 'ਤੇ ਪੋਸਟਰ ਲਗਾਉਣ ਦਾ ਮਾਮਲਾ ਬਹੁਤ ਗੰਭੀਰ ਹੈ, ਜਿਸ ਵਿਚ ਹਿੰਸਾ ਭੜਕਾਉਣ, ਧਮਕੀਆਂ ਦੇਣ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ 'ਤੇ ਕੈਨੇਡਾ, ਬਰਤਾਨੀਆ, ਅਮਰੀਕਾ, ਆਸਟ੍ਰੇਲੀਆ ਨਾਲ ਗੱਲਬਾਤ ਹੋਈ ਹੈ, ਕੁਝ ਥਾਵਾਂ ਤੋਂ ਤੁਰੰਤ ਕਾਰਵਾਈ ਦੀ ਸੂਚਨਾ ਮਿਲੀ ਹੈ ਅਤੇ ਉਮੀਦ ਹੈ ਕਿ ਕੁਝ ਥਾਵਾਂ 'ਤੇ ਕਾਰਵਾਈ ਹੋਵੇਗੀ। ਬਾਗਚੀ ਨੇ ਕਿਹਾ ਕਿ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ 'ਤੇ ਹਮਲੇ ਦੀ ਘਟਨਾ ਨੂੰ ਉੱਥੋਂ ਦੇ ਪ੍ਰਸ਼ਾਸਨ ਕੋਲ ਵੀ ਉਠਾਇਆ ਗਿਆ ਸੀ ਅਤੇ ਉੱਚ ਪੱਧਰ ਤੋਂ ਪ੍ਰਤੀਕਿਰਿਆ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਅਜਿਹੀ ਕਾਰਵਾਈ ਨੂੰ ਅਪਰਾਧਿਕ ਕਰਾਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਰਾਜ ਸਭਾ ਮੈਂਬਰ ਸੰਜੇ ਸਿੰਘ ਪਤਨੀ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਵਿਰੋਧੀਆਂ 'ਤੇ ਵਿੰਨ੍ਹੇ ਨਿਸ਼ਾਨੇ

ਕੁਝ ਦਿਨ ਪਹਿਲਾਂ ਭਾਰਤ ਨੇ ਨਵੀਂ ਦਿੱਲੀ ਵਿਚ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਸੀ ਅਤੇ ਕੈਨੇਡਾ ਵਿਚ ਖ਼ਾਲਿਸਤਾਨ ਸਮਰਥਕਾਂ ਦੀਆਂ ਵਧਦੀਆਂ ਗਤੀਵਿਧੀਆਂ ਨੂੰ ਲੈ ਕੇ ਇਕ 'ਡੀਮਾਰਸ਼ੇ' (ਇਤਰਾਜ਼ ਪੱਤਰ) ਜਾਰੀ ਕੀਤਾ ਸੀ। ਭਾਰਤ ਨੇ 8 ਜੁਲਾਈ ਨੂੰ ਕੈਨੇਡਾ ਵਿਚ ਭਾਰਤੀ ਮਿਸ਼ਨ ਦੇ ਬਾਹਰ ਖ਼ਾਲਿਸਤਾਨ ਪੱਖੀ ਸਮੂਹਾਂ ਦੇ ਵਿਰੋਧ ਦੇ ਮੱਦੇਨਜ਼ਰ ਕੈਨੇਡੀਅਨ ਅਧਿਕਾਰੀਆਂ ਨੂੰ ਢੁਕਵੇਂ ਕਦਮ ਚੁੱਕਣ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਹ ਮੁੱਦਾ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਨਹੀਂ ਹੈ, ਸਗੋਂ ਇਨ੍ਹਾਂ ਦੇ ਨਾਂ 'ਤੇ ਅੱਤਵਾਦੀ ਤੱਤਾਂ, ਵੱਖਵਾਦੀ ਤੱਤਾਂ ਨੂੰ ਮੌਕਾ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ, “ਅਸੀਂ ਜਾਣਨਾ ਚਾਹੁੰਦੇ ਹਾਂ ਕਿ ਦੇਸ਼ਾਂ ਨੇ ਕੀ ਕਾਰਵਾਈ ਕੀਤੀ ਹੈ ਜਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ।” ਬਾਗਚੀ ਨੇ ਕਿਹਾ, “ਅਸੀਂ ਅਜਿਹੇ ਹਮਲਿਆਂ ਜਾਂ ਧਮਕੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਜੋ ਵੀ ਕਾਰਵਾਈ ਜ਼ਰੂਰੀ ਹੈ, ਅਸੀਂ ਇਸ ਨੂੰ ਜਾਰੀ ਰੱਖਾਂਗੇ।'' ਉਨ੍ਹਾਂ ਕਿਹਾ ਕਿ ਸਾਡਾ ਦੂਤਾਵਾਸ ਅਜਿਹੀਆਂ ਘਟਨਾਵਾਂ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਸਥਾਨਕ ਪ੍ਰਸ਼ਾਸਨ ਦੇ ਸੰਪਰਕ 'ਚ ਹੈ।

ਇਹ ਖ਼ਬਰ ਵੀ ਪੜ੍ਹੋ - ਵਪਾਰੀਆਂ ਨੇ GST ਅਧਿਕਾਰੀਆਂ ਨੂੰ ਹੀ ਕਰ ਲਿਆ ਅਗਵਾ, ਰਿਹਾਈ ਲਈ ਰੱਖੀ ਇਹ ਮੰਗ

ਬੁਲਾਰੇ ਨੇ ਕਿਹਾ ਕਿ ਮੇਜ਼ਬਾਨ ਦੇਸ਼ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਵੀਏਨਾ ਕਨਵੈਨਸ਼ਨ ਮੁਤਾਬਕ ਦੂਤਾਵਾਸਾਂ ਦੀ ਸੁਰੱਖਿਆ ਯਕੀਨੀ ਬਣਾਏ। ਭਾਰਤ ਨੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ 'ਤੇ ਖ਼ਾਲਿਸਤਾਨ ਸਮਰਥਕਾਂ ਦੇ ਹਮਲੇ ਦਾ ਮੁੱਦਾ ਵੀ ਅਮਰੀਕਾ ਕੋਲ ਚੁੱਕਿਆ ਹੈ। ਕੁਝ ਮਹੀਨਿਆਂ ਦੇ ਅੰਦਰ ਸੈਨ ਫਰਾਂਸਿਸਕੋ ਵਿਚ ਕਿਸੇ ਕੂਟਨੀਤਕ ਮਿਸ਼ਨ 'ਤੇ ਅਜਿਹਾ ਦੂਜਾ ਹਮਲਾ ਹੈ। 19 ਮਾਰਚ ਨੂੰ, ਖ਼ਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਸੈਨ ਫਰਾਂਸਿਸਕੋ ਵਿਚ ਭਾਰਤੀ ਕੌਂਸਲੇਟ ਉੱਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ। ਖ਼ਾਲਿਸਤਾਨ ਸਮਰਥਕਾਂ ਨੇ 2 ਜੁਲਾਈ ਨੂੰ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਕੁਝ ਲੋਕਾਂ ਨੂੰ ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਪਿਛਲੇ ਮਹੀਨੇ, ਭਾਰਤ ਨੇ ਕੈਨੇਡਾ ਨੂੰ ਚੇਤਾਵਨੀ ਦਿੱਤੀ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨਾਲ ਸਬੰਧਤ ਬਰੈਂਪਟਨ ਵਿਚ ਕੱਢੀ ਜਾ ਰਹੀ ਇਕ ਝਾਂਕੀ ਦੇ ਵਿਜ਼ੂਅਲ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਇਹ ਦੁਵੱਲੇ ਸਬੰਧਾਂ ਲਈ ਚੰਗਾ ਨਹੀਂ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਸੀ, ''ਸਪੱਸ਼ਟ ਤੌਰ 'ਤੇ ਅਸੀਂ ਇਹ ਸਮਝਣ 'ਚ ਅਸਮਰੱਥ ਹਾਂ ਕਿ ਵੋਟ ਬੈਂਕ ਦੀ ਰਾਜਨੀਤੀ ਤੋਂ ਇਲਾਵਾ ਕੋਈ ਅਜਿਹਾ ਕਿਉਂ ਕਰੇਗਾ।'' ਇਸ ਹਫ਼ਤੇ ਸੋਮਵਾਰ ਨੂੰ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਸੀ ਕਿ 'ਅੱਤਵਾਦੀ, ਕੱਟੜਪੰਥੀ' ਖ਼ਾਲਿਸਤਾਨੀ ਸੋਚ ਭਾਰਤ ਜਾਂ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਵਰਗੇ ਸਹਿਯੋਗੀ ਦੇਸ਼ ਲਈ ਚੰਗੀ ਨਹੀਂ ਹੈ ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News