ਕੋਵਿਡ-19 ਦੀ ਦੂਜੀ ਲਹਿਰ ਤੋਂ ਉਭਰ ਰਿਹੈ ਭਾਰਤ, 93.1 ਫ਼ੀਸਦੀ ਹੋਇਆ ਰਿਕਵਰੀ ਰੇਟ
Friday, Jun 04, 2021 - 05:05 PM (IST)
ਨਵੀਂ ਦਿੱਲੀ– ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਦੇਸ਼ ’ਚ ਕੋਰੋਨਾ ਤੋਂ ਠੀਕ ਹੋਣ ਦੀ ਦਰ (ਰਿਕਵਰੀ ਰੇਟ) ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਇਕ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਇਸ ਸਮੇਂ ਰਿਕਵਰੀ ਰੇਟ 93.1 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜ਼ਿਲ੍ਹਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਜਿੱਥੇ ਕੋਰੋਨਾ ਔਸਤਨ 100 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। 257 ਜ਼ਿਲ੍ਹੇ ਅਜਿਹੇ ਹਨ ਜਿੱਥੇ ਰੋਜ਼ਾਨਾ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।
There has been a continuous decrease in districts reporting more than 100 average daily new cases; 257 districts reporting more than 100 daily cases: Lav Agrawal, Joint Secretary, Health Ministry on COVID19 situation pic.twitter.com/qFv1urAzP3
— ANI (@ANI) June 4, 2021
ਦੇਸ਼ ’ਚ ਕੋਰੋਨਾ ਵਾਇਰਸ ਦੇ ਇਕ ਦਿਨ ’ਚ 1,32,364 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਬੀਮਾਰੀ ਦੇ ਕੁੱਲ ਮਾਮਲੇ ਵਧ ਕੇ 2,85,74,350 ਹੋ ਗਏ ਹਨ, ਜਦਕਿ ਠੀਕ ਹੋਣ ਵਾਲਿਆਂ ਦੀ ਦਰ 93 ਫ਼ੀਸਦੀ ਤੋਂ ਉੱਪਰ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਸ਼ੁੱਕਰਵਾਰ ਸਵੇਰੇ 8 ਵਜੇ ਤਕ ਦੇ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ’ਚ 2,713 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 3,40,702 ਹੋ ਗਈ ਹੈ, ਜਦਕਿ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ ਲਗਾਤਾਰ ਚੌਥੇ ਦਿਨ 20 ਲੱਖ ਤੋਂ ਘੱਟ ਦਰਜ ਕੀਤੀ ਗਈ ਹੈ।
ਉਥੇ ਹੀ ਕਈ ਸੂਬੇ ਅਜਿਹੇ ਵੀ ਹਨ, ਜਿੱਥੇ ਕੋਵਿਡ-19 ਕਾਰਨ ਤਾਲਾਬੰਦੀ ਦੀ ਮਿਆਦ ਵਧਾਈ ਜਾ ਰਹੀ ਹੈ। ਮਹਾਰਾਸ਼ਟਰ ਅਤੇ ਕਰਨਾਟਕ ’ਚ ਅਜੇ ਤਾਲਾਬੰਦੀ ਦਾ ਸਮਾਂ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਉਥੇ ਹੀ ਯੂ.ਪੀ., ਦਿੱਲੀ ਸਮੇਤ ਕਈ ਸੂਬਿਆਂ ’ਚ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਥੇ ਹੀ ਦਿੱਲੀ ’ਚ ਕੰਪਨੀਆਂ ਦੇ ਖੁੱਲ੍ਹਣ ਨਾਲ ਹੁਣ ਪ੍ਰਵਾਸੀ ਮਜ਼ਦੂਰਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ।