ਭਾਰਤ-ਪੇਰੂ ਮੁਕਤ ਵਪਾਰ ਸਮਝੌਤਾ ਛੇਤੀ ਹੋਣ ਦੀ ਸੰਭਾਵਨਾ ਨਹੀਂ: ਪਿਊਸ਼ ਗੋਇਲ

Sunday, Jul 05, 2026 - 02:54 PM (IST)

ਭਾਰਤ-ਪੇਰੂ ਮੁਕਤ ਵਪਾਰ ਸਮਝੌਤਾ ਛੇਤੀ ਹੋਣ ਦੀ ਸੰਭਾਵਨਾ ਨਹੀਂ: ਪਿਊਸ਼ ਗੋਇਲ

ਨਵੀਂ ਦਿੱਲੀ,  (ਏਜੰਸੀ)- ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕੁਝ ਉਤਪਾਦਾਂ ’ਚ ਬਾਜ਼ਾਰ ਪਹੁੰਚ ਸਬੰਧੀ ਚਿੰਤਾਵਾਂ ਕਾਰਨ ਭਾਰਤ-ਪੇਰੂ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਲਈ ਚੱਲ ਰਹੀ ਗੱਲਬਾਤ ਦੇ ਛੇਤੀ ਸੰਪੰਨ ਹੋਣ ਦੀ ਸੰਭਾਵਨਾ ਨਹੀਂ ਹੈ। ਗੋਇਲ ਨੇ ਇੱਥੇ ਆਯੋਜਿਤ 17ਵੇਂ ‘ਟੁਆਏ ਬਿਜ਼ ਇੰਟਰਨੈਸ਼ਨਲ ਬੀ2ਬੀ ਐਕਸਪੋ’ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, ‘‘ਕੁਝ ਚਿੰਤਾਵਾਂ ਹਨ। ਕਈ ਅਜਿਹੇ ਉਤਪਾਦ ਹਨ ਜਿੱਥੇ ਅਸੀਂ ਉਨ੍ਹਾਂ ਨੂੰ ਬਾਜ਼ਾਰ ਪਹੁੰਚ ਦੀ ਇਜਾਜ਼ਤ ਨਹੀਂ ਦੇ ਸਕਦੇ। ਮੈਨੂੰ ਨਹੀਂ ਲੱਗਦਾ ਕਿ ਪੇਰੂ ਦੇ ਨਾਲ ਐੱਫ. ਟੀ. ਏ. ਬਹੁਤ ਛੇਤੀ ਹੋਣ ਜਾ ਰਿਹਾ ਹੈ।’’
ਜ਼ਿਕਰਯੋਗ ਹੈ ਕਿ ਭਾਰਤ ਅਤੇ ਪੇਰੂ ਵਿਚਾਲੇ ਪ੍ਰਸਤਾਵਿਤ ਐੱਫ. ਟੀ. ਏ. ਲਈ ਗੱਲਬਾਤ ਸਾਲ 2017 ’ਚ ਸ਼ੁਰੂ ਹੋਈ ਸੀ। ਦੂਸਰੇ ਪਾਸੇ, ਭਾਰਤ-ਕੈਨੇਡਾ ਐੱਫ. ਟੀ. ਏ. ਦੇ ਸਬੰਧ ’ਚ ਮੰਤਰੀ ਨੇ ਹਾਂ-ਪੱਖੀ ਸੰਕੇਤ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਅਧਿਕਾਰੀਆਂ ਦੀ ਇਕ ਟੀਮ ਗੱਲਬਾਤ ਦੇ ਅਗਲੇ ਦੌਰ ਲਈ ਸੋਮਵਾਰ ਨੂੰ ਕੈਨੇਡਾ ਜਾਵੇਗੀ। ਕੇਂਦਰੀ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹ 13 ਜੁਲਾਈ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੇਲ, ਸੂਚਨਾ ਤੇ ਪ੍ਰਸਾਰਣ ਅਤੇ ਇਲੈਕਟ੍ਰਾਨਿਕ ਤੇ ਆਈ. ਟੀ. ਮੰਤਰੀ ਅਸ਼ਵਨੀ ਵੈਸ਼ਨਵ ਦੇ ਨਾਲ ਬ੍ਰਸੇਲਜ਼ ਜਾਣਗੇ, ਜਿੱਥੇ ਉਹ ‘ਭਾਰਤ-ਯੂਰਪੀਨ ਯੂਨੀਅਨ (ਈ. ਯੂ.) ਵਪਾਰ ਅਤੇ ਟੈਕਨਾਲੋਜੀ ਕੌਂਸਲ’ (ਟੀ. ਟੀ. ਸੀ.) ਦੀ ਬੈਠਕ ’ਚ ਹਿੱਸਾ ਲੈਣਗੇ।

ਮੁਕਤ ਵਪਾਰ ਸਮਝੌਤਿਆਂ ਦਾ ਲਾਭ ਉਠਾਏ ਖਿਡੌਣਾ ਉਦਯੋਗ

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਘਰੇਲੂ ਖਿਡੌਣਾ ਉਦਯੋਗ ਨੂੰ ਕਿਹਾ ਕਿ ਉਹ ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਮੁਕਤ ਵਪਾਰ ਸਮਝੌਤਿਆਂ ਦਾ ਲਾਭ ਉਠਾਉਣ, ਟਿਕਾਊ ਨਿਰਮਾਣ ਦੇ ਤੌਰ-ਤਰੀਕੇ ਅਪਨਾਉਣ ਅਤੇ ਅਗਲੇ 6 ਸਾਲਾਂ ’ਚ ਗਲੋਬਲ ਖਿਡੌਣਾ ਬਾਜ਼ਾਰ ’ਚ 5 ਫੀਸਦੀ ਹਿੱਸੇਦਾਰੀ ਹਾਸਲ ਕਰਨ ਦਾ ਟੀਚਾ ਰੱਖਣ। ਉਨ੍ਹਾਂ ਕਿਹਾ ਕਿ ਇਹ ਟੀਚਾ ਮੁਸ਼ਕਿਲ ਨਹੀਂ ਹੈ ਅਤੇ ਉਦਯੋਗ ਨੂੰ ਗਲੋਬਲ ਪੱਧਰ ’ਤੇ ਮੁਕਾਬਲਾ ਕਰਨ ਦੀ ਸਮਰੱਥਾ ਵਧਾਉਣ ਲਈ ਗੁਣਵੱਤਾ ਅਤੇ ਆਧੁਨਿਕ ਨਿਰਮਾਣ ਦੇ ਤਰੀਕਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ। ਗਲੋਬਲ ਖਿਡੌਣਾ ਉਦਯੋਗ ਲੱਗਭਗ 120 ਅਰਬ ਡਾਲਰ ਦਾ ਹੋਣ ਦਾ ਅੰਦਾਜ਼ਾ ਹੈ, ਜਿਸ ’ਚ ਭਾਰਤ ਦੀ ਹਿੱਸੇਦਾਰੀ ਸਿਰਫ 0.3 ਫੀਸਦੀ ਹੈ। ਭਾਰਤ ਦਾ ਘਰੇਲੂ ਖਿਡੌਣਾ ਬਾਜ਼ਾਰ ਲੱਗਭਗ 18,000 ਕਰੋੜ ਰੁਪਏ ਦਾ ਹੈ, ਜਿਸ ’ਚ ਦਰਾਮਦ ਕੀਤੇ ਖਿਡੌਣਿਆਂ ਦੀ ਹਿੱਸੇਦਾਰੀ ਸਿਰਫ 2,500-3,000 ਕਰੋੜ ਰੁਪਏ ਹੈ।


author

Shubam Kumar

Content Editor

Related News