''ਕਿਸੇ ਧਮਕੀ ਅੱਗੇ ਨਹੀਂ ਝੁਕਾਂਗੇ...'', ਪਾਕਿ ਫ਼ੌਜ ਮੁਖੀ ਦੇ ਅਮਰੀਕਾ ਤੋਂ ਦਿੱਤੇ ਬਿਆਨ 'ਤੇ ਭਾਰਤ ਦਾ ਠੋਕਵਾਂ ਜਵਾਬ

Monday, Aug 11, 2025 - 03:29 PM (IST)

''ਕਿਸੇ ਧਮਕੀ ਅੱਗੇ ਨਹੀਂ ਝੁਕਾਂਗੇ...'', ਪਾਕਿ ਫ਼ੌਜ ਮੁਖੀ ਦੇ ਅਮਰੀਕਾ ਤੋਂ ਦਿੱਤੇ ਬਿਆਨ 'ਤੇ ਭਾਰਤ ਦਾ ਠੋਕਵਾਂ ਜਵਾਬ

ਨੈਸ਼ਨਲ ਡੈਸਕ- ਕੁਝ ਮਹੀਨੇ ਪਹਿਲਾਂ ਭਾਰਤ-ਪਾਕਿ ਵਿਚਾਲੇ ਹੋਈ ਜੰਗ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਹਰ ਤਰ੍ਹਾਂ ਦਾ ਵਪਾਰ ਤੇ ਗੱਲਬਾਤ ਬੰਦ ਹੈ। ਇਸ ਦੌਰਾਨ ਰੂਸ ਤੋਂ ਤੇਲ ਖਰੀਦਣ ਕਾਰਨ ਟਰੰਪ ਦੇ ਟੈਰਿਫ਼ਾਂ ਕਾਰਨ ਜਿੱਥੇ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਵੀ ਕਮਜ਼ੋਰ ਹੁੰਦੇ ਜਾ ਰਹੇ ਹਨ, ਉੱਥੇ ਹੀ ਅਮਰੀਕਾ ਦੀਆਂ ਪਾਕਿਸਤਾਨ ਨਾਲ ਨਜ਼ਦੀਕੀਆਂ ਵਧਦੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਪਾਕਿਸਤਾਨ ਦੇ ਫ਼ੌਜ ਮੁਖੀ ਆਸਿਮ ਮੁਨੀਰ ਪਿਛਲੇ 2 ਮਹੀਨਿਆਂ 'ਚ ਦੂਜੀ ਵਾਰ ਅਮਰੀਕਾ ਦੇ ਦੌਰੇ 'ਤੇ ਗਏ ਹੋਏ ਹਨ। 

ਇਸੇ ਦੌਰਾਨ ਉਨ੍ਹਾਂ ਨੇ ਫਲੌਰੀਡਾ ਸੂਬੇ ਦੇ ਟੈਂਪਾ ਸ਼ਹਿਰ ਵਿੱਚ ਪਾਕਿਸਤਾਨੀ ਪ੍ਰਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਇੱਕ ਬਹੁਤ ਵਿਵਾਦਪੂਰਨ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੇਸ਼ ਹੈ ਅਤੇ ਜੇਕਰ ਕਿਸੇ ਵੀ ਸਥਿਤੀ ਵਿੱਚ ਉਨ੍ਹਾਂ ਦੇ ਦੇਸ਼ 'ਤੇ ਕੋਈ ਵੀ ਖ਼ਤਰਾ ਆਉਦਾ ਹੈ ਤਾਂ ਉਹ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਕੇ ਡੁੱਬਣਗੇ। ਭਾਰਤ ਵੱਲੋਂ ਸਿੰਧੂ ਜਲ ਸੰਧੀ ਰੱਦ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਨੇ ਜੇਕਰ ਨਦੀ 'ਤੇ ਡੈਮ ਬਣਾਇਆ ਤਾਂ ਅਸੀਂ ਉਸ ਨੂੰ ਵੀ ਤਬਾਹ ਕਰ ਦੇਵਾਂਗੇ। ਇਹ ਬਿਆਨ ਨਾ ਸਿਰਫ਼ ਭਾਰਤ ਲਈ ਸਗੋਂ ਪੂਰੀ ਦੁਨੀਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

ਭਾਰਤ ਨੇ ਮੁਨੀਰ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਹ ਟਿੱਪਣੀ ਪਾਕਿਸਤਾਨ ਦੀ ਪ੍ਰਮਾਣੂ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਹੈ। ਮੰਤਰਾਲੇ ਨੇ ਇਸ ਗੱਲ 'ਤੇ ਡੂੰਘੇ ਸ਼ੱਕ ਪ੍ਰਗਟ ਕੀਤੇ ਕਿ ਕੀ ਪਾਕਿਸਤਾਨ ਵਿੱਚ ਪ੍ਰਮਾਣੂ ਕਮਾਂਡ ਅਤੇ ਕੰਟਰੋਲ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਜ਼ਿੰਮੇਵਾਰ ਹੱਥਾਂ ਵਿੱਚ ਹੈ, ਖਾਸ ਕਰ ਕੇ ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਫੌਜ ਅੱਤਵਾਦੀ ਸਮੂਹਾਂ ਨਾਲ ਮਿਲ ਕੇ ਕੰਮ ਕਰਦੀ ਹੈ। 

PunjabKesari

ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ ! ਅੱਜ 30 ਲੱਖ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 3,200 ਕਰੋੜ ਰੁਪਏ

ਵਿਦੇਸ਼ ਮੰਤਰਾਲੇ ਨੇ ਇਸ ਗੱਲ 'ਤੇ ਵੀ ਅਫਸੋਸ ਪ੍ਰਗਟਾਇਆ ਕਿ ਇਹ ਧਮਕੀ ਭਰੇ ਬਿਆਨ ਇੱਕ ਦੋਸਤਾਨਾ ਦੇਸ਼ ਦੀ ਧਰਤੀ ਤੋਂ ਦਿੱਤੇ ਗਏ ਸਨ। ਭਾਰਤ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਪ੍ਰਮਾਣੂ ਬਲੈਕਮੇਲ ਅੱਗੇ ਨਹੀਂ ਝੁਕੇਗਾ ਅਤੇ ਆਪਣੀ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਹਰ ਜ਼ਰੂਰੀ ਕਦਮ ਚੁੱਕੇਗਾ।

ਜ਼ਿਕਰਯੋਗ ਹੈ ਕਿ ਅਸੀਮ ਮੁਨੀਰ ਦੀ ਇਹ ਟਿੱਪਣੀ ਪਾਕਿਸਤਾਨ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਜਿਸ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸ਼ਕਤੀ ਅਤੇ ਦਬਾਅ ਲਈ ਕੀਤੀ ਜਾਂਦੀ ਹੈ। ਇਹ ਨਾ ਸਿਰਫ਼ ਭਾਰਤ ਲਈ ਖ਼ਤਰਾ ਹੈ, ਸਗੋਂ ਵਿਸ਼ਵ ਸ਼ਾਂਤੀ ਲਈ ਵੀ ਖ਼ਤਰਾ ਹੈ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਜੇਕਰ ਉਨ੍ਹਾਂ ਦਾ ਦੇਸ਼ ਖ਼ਤਰੇ ਵਿੱਚ ਹੈ, ਤਾਂ ਉਹ ਵੱਡੇ ਪੱਧਰ 'ਤੇ ਤਬਾਹੀ ਮਚਾਉਣ ਤੋਂ ਪਿੱਛੇ ਨਹੀਂ ਹਟਣਗੇ।

ਮਿਲੀਆਂ ਰਿਪੋਰਟਾਂ ਅਨੁਸਾਰ ਪਾਕਿਸਤਾਨ ਵਿੱਚ ਦੇਸ਼ 'ਤੇ ਫੌਜ ਦਾ ਕੰਟਰੋਲ ਬਹੁਤ ਡੂੰਘਾ ਹੈ, ਜਦਕਿ ਲੋਕਤੰਤਰ ਕਾਫ਼ੀ ਕਮਜ਼ੋਰ ਹੈ। ਇਹ ਬਿਆਨ ਇਸ ਗੱਲ ਦਾ ਸੰਕੇਤ ਹੈ ਕਿ ਫੌਜ ਦੀ ਸ਼ਕਤੀ ਇੰਨੀ ਜ਼ਿਆਦਾ ਹੈ ਕਿ ਉਹ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਅਮਰੀਕਾ ਦੁਆਰਾ ਪਾਕਿਸਤਾਨ ਫੌਜ ਨੂੰ ਦਿੱਤਾ ਗਿਆ ਸਮਰਥਨ ਵੀ ਇਸ ਹਮਲਾਵਰ ਰਵੱਈਏ ਨੂੰ ਉਤਸ਼ਾਹਿਤ ਕਰਦਾ ਹੈ। ਕੁਝ ਲੋਕ ਇਹ ਵੀ ਕਿਆਸ ਲਗਾ ਰਹੇ ਹਨ ਕਿ ਆਉਣ ਵਾਲੇ ਦਿਨਾਂ 'ਚ ਪਾਕਿਸਤਾਨ 'ਚ ਇੱਕ ਤਖ਼ਤਾ ਪਲਟ ਵੀ ਹੋ ਸਕਦਾ ਹੈ, ਜਿਸ ਤਹਿਤ ਇੱਕ ਫੀਲਡ ਮਾਰਸ਼ਲ ਰਾਸ਼ਟਰਪਤੀ ਬਣ ਸਕਦਾ ਹੈ।

ਇਹ ਵੀ ਪੜ੍ਹੋ- ''ਰਾਹੁਲ ਗਾਂਧੀ ਕੋਲ ਅਜੇ ਵੀ ਟਾਈਮ ਹੈ...'', ਚੋਣ ਕਮਿਸ਼ਨ ਦਾ ਵੋਟ ਚੋਰੀ ਦੇ ਮਾਮਲੇ 'ਚ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News