ਭਾਰਤ-ਨੇਪਾਲ ਸਬੰਧਾਂ ''ਚ ਇਤਿਹਾਸਕ ਕਦਮ ! ਅਯੁੱਧਿਆ ਤੋਂ ਟਰੇਨ ਰਾਹੀਂ ਜਨਕਪੁਰ ਪਹੁੰਚੇ 400 ਸ਼ਰਧਾਲੂ

Tuesday, Nov 24, 2026 - 04:55 PM (IST)

ਭਾਰਤ-ਨੇਪਾਲ ਸਬੰਧਾਂ ''ਚ ਇਤਿਹਾਸਕ ਕਦਮ ! ਅਯੁੱਧਿਆ ਤੋਂ ਟਰੇਨ ਰਾਹੀਂ ਜਨਕਪੁਰ ਪਹੁੰਚੇ 400 ਸ਼ਰਧਾਲੂ

ਨਵੀਂ ਦਿੱਲੀ- ਭਾਰਤ ਅਤੇ ਨੇਪਾਲ ਦੇ ਇਤਿਹਾਸਕ ਤੇ ਧਾਰਮਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ, ਅਯੁੱਧਿਆ ਤੋਂ ਸ਼ੁਰੂ ਹੋਈ ਨਵੀਂ ਸਿੱਧੀ ਰੇਲ ਸੇਵਾ 'ਸਰਯੂ-ਕਮਲਾ ਐਕਸਪ੍ਰੈੱਸ' ਰਾਹੀਂ ਕਰੀਬ 400 ਭਾਰਤੀ ਸ਼ਰਧਾਲੂ ਮੰਗਲਵਾਰ ਨੂੰ ਨੇਪਾਲ ਦੇ ਜਨਕਪੁਰ ਧਾਮ ਪਹੁੰਚੇ। ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ਅਤੇ ਮਾਤਾ ਸੀਤਾ ਦੀ ਜਨਮ ਭੂਮੀ ਜਨਕਪੁਰ (ਨੇਪਾਲ) ਨੂੰ ਆਪਸ ਵਿੱਚ ਜੋੜਨ ਵਾਲੀ ਇਸ ਸਰਹੱਦ ਪਾਰ ਰੇਲਗੱਡੀ ਨੂੰ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲੀ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਵਰਚੁਅਲ ਤਰੀਕੇ ਨਾਲ ਹਰੀ ਝੰਡੀ ਦਿਖਾਈ ਸੀ।

ਨੇਪਾਲ ਰੇਲਵੇ ਕੰਪਨੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਨੇਪਾਲ ਦੇ ਯੁਵਾ, ਕਿਰਤ ਅਤੇ ਰੁਜ਼ਗਾਰ ਮੰਤਰੀ ਰਾਮਜੀ ਯਾਦਵ ਅਤੇ ਮਧੇਸ਼ ਸੂਬੇ ਦੇ ਮੁੱਖ ਮੰਤਰੀ ਸਰੋਜ ਕੁਮਾਰ ਯਾਦਵ ਨੇ ਭਾਰਤੀ ਸ਼ਰਧਾਲੂਆਂ ਤੇ ਭਾਰਤੀ ਰੇਲਵੇ ਦੇ ਅਧਿਕਾਰੀਆਂ ਦਾ ਰਵਾਇਤੀ ਸਕਾਰਫ਼ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

ਮੰਤਰੀ ਰਾਮਜੀ ਯਾਦਵ ਨੇ ਕਿਹਾ ਕਿ ਇਹ ਰੇਲ ਸੰਪਰਕ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੱਭਿਆਚਾਰਕ ਸਾਂਝ ਵਧਾਉਣ ਦੇ ਨਾਲ-ਨਾਲ ਜਨਕਪੁਰ ਵਿੱਚ ਵਪਾਰ, ਰੁਜ਼ਗਾਰ ਅਤੇ ਸਥਾਨਕ ਕਾਰੋਬਾਰਾਂ ਨੂੰ ਵੀ ਹੁਲਾਰਾ ਦੇਵੇਗਾ। ਆਉਣ ਵਾਲੇ ਸਾਲਾਨਾ 'ਵਿਵਾਹ ਪੰਚਮੀ' ਤਿਉਹਾਰ ਮੌਕੇ ਭਾਰਤੀ ਸ਼ਰਧਾਲੂਆਂ ਲਈ ਜਨਕਪੁਰ ਪਹੁੰਚਣਾ ਹੁਣ ਬੇਹੱਦ ਆਸਾਨ ਹੋ ਜਾਵੇਗਾ। ਮੁੱਖ ਮੰਤਰੀ ਸਰੋਜ ਕੁਮਾਰ ਯਾਦਵ ਨੇ ਵੀ ਸਰਹੱਦ ਪਾਰ ਆਵਾਜਾਈ ਦੀਆਂ ਰੁਕਾਵਟਾਂ ਦੂਰ ਕਰਨ 'ਤੇ ਜ਼ੋਰ ਦਿੱਤਾ।

ਜ਼ਿਕਰਯੋਗ ਹੈ ਕਿ ਹਫ਼ਤਾਵਾਰੀ ਚੱਲਣ ਵਾਲੀ ਇਹ ਰੇਲਗੱਡੀ ਹਰ ਸੋਮਵਾਰ ਸ਼ਾਮ 5:50 ਵਜੇ ਅਯੁੱਧਿਆ ਕੈਂਟ ਤੋਂ ਰਵਾਨਾ ਹੋਵੇਗੀ ਅਤੇ ਲਗਭਗ 19 ਘੰਟਿਆਂ ਦਾ ਸਫ਼ਰ ਤੈਅ ਕਰਕੇ ਮੰਗਲਵਾਰ ਦੁਪਹਿਰ 12:40 ਵਜੇ ਜਨਕਪੁਰ ਧਾਮ ਪਹੁੰਚੇਗੀ। ਵਾਪਸੀ 'ਤੇ ਇਹ ਹਰ ਸ਼ਨੀਵਾਰ ਦੁਪਹਿਰ 1:10 ਵਜੇ ਜਨਕਪੁਰ ਧਾਮ ਤੋਂ ਚੱਲੇਗੀ ਅਤੇ ਐਤਵਾਰ ਸਵੇਰੇ 8:10 ਵਜੇ ਅਯੁੱਧਿਆ ਕੈਂਟ ਪਹੁੰਚੇਗੀ। ਇਹ ਟਰੇਨ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮਨਕਾਪੁਰ, ਬਸਤੀ, ਗੋਰਖਪੁਰ, ਨਰਕਟੀਆਗੰਜ, ਰਕਸੌਲ, ਸੀਤਾਮੜੀ, ਸ਼ੀਸ਼ੋ, ਮਧੂਬਨੀ ਅਤੇ ਜਯਨਗਰ ਸਟੇਸ਼ਨਾਂ ਤੋਂ ਹੁੰਦੀ ਹੋਈ ਨੇਪਾਲ ਵਿੱਚ ਦਾਖ਼ਲ ਹੋਵੇਗੀ।


author

Harpreet SIngh

Content Editor

Related News