ਸੀਟਾਂ ਦੀ ਵੰਡ ਨੂੰ ਲੈ ਕੇ ਸਪਾ ਤੇ ਕਾਂਗਰਸ ਦਰਮਿਆਨ ਅਧੂਰੀ ਰਹੀ ਗੱਲਬਾਤ, ਜਲਦੀ ਹੋਵੇਗੀ ਅਗਲੀ ਮੀਟਿੰਗ
Tuesday, Nov 24, 2026 - 07:00 PM (IST)
ਨਵੀਂ ਦਿੱਲੀ/ਲਖਨਊ, (ਏਜੰਸੀ)-ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ (ਸਪਾ) ਤੇ ਕਾਂਗਰਸ ਦਰਮਿਆਨ ਸੀਟਾਂ ਦੀ ਵੰਡ ਬਾਰੇ ਗੱਲਬਾਤ ਮੰਗਲਵਾਰ ਲਗਾਤਾਰ ਦੂਜੇ ਦਿਨ ਵੀ ਬੇਸਿੱਟਾ ਰਹੀ। ਇਸ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਤਾਲਮੇਲ ਨੂੰ ਅੰਤਿਮ ਰੂਪ ਦੇਣ ਲਈ ਜਲਦੀ ਹੀ 2 ਹੋਰ ਮੀਟਿੰਗਾਂ ਕੀਤੀਆਂ ਜਾਣਗੀਆਂ।
ਸਪਾ ਦੇ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਬਾਰੇ ਚਰਚਾ ਹੋਈ ਹੈ। ਗੱਲਬਾਤ ਉਸਾਰੂ ਮਾਹੌਲ ’ਚ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਦੀਆਂ 403 ਸੀਟਾਂ ਹਨ। ਸਾਰੀਆਂ ਸੀਟਾਂ ’ਤੇ ਚਰਚਾ ਅਜੇ ਪੂਰੀ ਨਹੀਂ ਹੋਈ। ਅਗਲੀਆਂ 2 ਮੀਟਿੰਗਾਂ ’ਚ ਗੱਠਜੋੜ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਜਦੋਂ ਸਪਾ ਵੱਲੋਂ ਕਾਂਗਰਸ ਨੂੰ 26 ਸੀਟਾਂ ਦੀ ਪੇਸ਼ਕਸ਼ ਬਾਰੇ ਪੁੱਛਿਆ ਗਿਆ ਤਾਂ ਯਾਦਵ ਨੇ ਕਿਹਾ ਕਿ ਚਰਚਾ ਨਵੇਂ ਸਿਰੇ ਤੋਂ ਕੀਤੀ ਜਾਵੇਗੀ। ਇਹ ਫੈਸਲਾ ਆਉਣ ਤੱਕ ਜਾਰੀ ਰਹੇਗੀ। ਅਗਲੀ ਮੀਟਿੰਗ ਦੀ ਤਰੀਕ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਜਲਦੀ ਹੀ ਹੋਵੇਗੀ। ਕਾਂਗਰਸ ਦੇ ਉੱਤਰ ਪ੍ਰਦੇਸ਼ ਦੇ ਇੰਚਾਰਜ ਰਾਜੇਂਦਰ ਪਾਲ ਗੌਤਮ ਨੇ ਵੀ ਗੱਲਬਾਤ ਨੂੰ ਉਸਾਰੂ ਦੱਸਿਆ ਅਤੇ ਕਿਹਾ ਕਿ ਦੋਵੇਂ ਪਾਰਟੀਆਂ ਸਹੀ ਦਿਸ਼ਾ ਵੱਲ ਵਧ ਰਹੀਆਂ ਹਨ ਤੇ ਸੀਟਾਂ ਦੀ ਵੰਡ ਪ੍ਰਕਿਰਿਆ ਅਗਲੇ ਦੋ ਦੌਰ ਦੀਆਂ ਮੀਟਿੰਗਾਂ ’ਚ ਪੂਰੀ ਹੋ ਜਾਵੇਗੀ
