ਭਾਰਤ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਅਤੇ ‘ਖਿਚੜੀ’ ਸਰਕਾਰ ਦੀ ਜ਼ਰੂਰਤ : ਓਵੈਸੀ

Sunday, Sep 11, 2022 - 03:22 PM (IST)

ਭਾਰਤ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਅਤੇ ‘ਖਿਚੜੀ’ ਸਰਕਾਰ ਦੀ ਜ਼ਰੂਰਤ : ਓਵੈਸੀ

ਅਹਿਮਦਾਬਾਦ– ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.) ਦੇ ਮੁਖੀ ਅਸਦੁਦੀਨ ਓਵੈਸੀ ਨੇ ਇੱਥੇ ਸ਼ਨੀਵਾਰ ਨੂੰ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਅਤੇ ਕਈ ਪਾਰਟੀਆਂ ਦੇ ਸਹਿਯੋਗ ਨਾਲ ਬਣੀ ‘ਖਿਚੜੀ’ ਸਰਕਾਰ ਦੀ ਜ਼ਰੂਰਤ ਹੈ ਤਾਂ ਕਿ ਸਮਾਜ ਦੇ ਕਮਜ਼ੋਰ ਵਰਗ ਨੂੰ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ, ‘ਇਕ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਸਿਰਫ ਸ਼ਕਤੀਸ਼ਾਲੀ ਲੋਕਾਂ ਦੀ ਮਦਦ ਕਰਦਾ ਹੈ।’ ਏ. ਆਈ. ਐੱਮ. ਆਈ. ਐੱਮ. ਮੁਖੀ ਨੇ ਆਮ ਆਦਮੀ ਪਾਰਟੀ (ਆਪ) ’ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਉਹ ਗੁਜਕਾਤ ’ਚ ਸੱਤਾਧਰੀ ਭਾਰਤ ਜਨਤਾ ਪਾਰਟੀ ਤੋਂ ਅਲੱਗ ਨਹੀਂ ਹੈ ਕਿਉਂਕਿ ਉਸਨੇ ਬਿਲਕਿਸ ਬਾਨੋ ਮਾਮਲੇ ’ਚ ਦੋਸ਼ੀਆਂ ਦੀ ਵਿਵਾਦਪੂਰਨ ਰਿਹਾਈ ’ਤੇ ਚੁੱਪੀ ਧਾਰ ਰੱਖੀ ਹੈ।

ਉਨ੍ਹਾਂ ਕਿਹਾ ਕਿ ਏ. ਆਈ. ਐੱਮ. ਆਈ. ਐੱਮ. ਦਸੰਬਰ ’ਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਉਮੀਦਵਾਰ ਖੜ੍ਹੇ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਏ. ਆਈ. ਐੱਮ. ਆਈ. ਐੱਮ. ਮੁਖੀ ਨੇ ਕਿਹਾ ਕਿ ‘ਜਵਾਹਰ ਲਾਲ ਨਹਿਰੂ’ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਨੇ ਬੇਰੋਜ਼ਗਾਰੀ, ਮਹਿੰਗਾਈ, ਚੀਨ ਦੀ ਘੁਸਪੈਠ, ਕਾਰਪੋਰੇਟ ਟੈਕਸ ਛੋਟ ਅਤੇ ਉਦਯੋਗਪਤੀਆਂ ਦੇ ਬੈਂਕ ਕਰਜ਼ਿਆਂ ਬਾਰੇ ਸਵਾਲਾਂ ’ਤੇ ‘ਸਿਸਟਮ’ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੇਸ਼ ਨੂੰ ਹੁਣ ਇਕ ਕਮਜ਼ੋਰ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ। ਅਸੀਂ ਇਕ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਦੇਖਿਆ ਹੈ, ਹੁਣ ਸਾਨੂੰ ਇਕ ਕਮਜ਼ੋਰ ਪ੍ਰਧਾਨ ਮੰਤਰੀ ਦੀ ਲੋੜ ਹੈ ਤਾਂ ਜੋ ਉਹ ਕਮਜ਼ੋਰਾਂ ਦੀ ਮਦਦ ਕਰ ਸਕੇ। ਇਕ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਸਿਰਫ ਸ਼ਕਤੀਸ਼ਾਲੀ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ‘ਖਿਚੜੀ’ ਸਰਕਾਰ ਦੀ ਜ਼ਰੂਰਤ ਹੈ। ਖਿਚੜੀ ਸਰਕਾਰ ਦਾ ਮਤਲਬ ਵੱਖ-ਵੱਖ ਪਾਰਟੀਆਂ ਦੇ ਸਹਿਯੋਗ ਨਾਲ ਗਠਜੋੜ ਸਰਕਾਰ ਤੋਂ ਹੈ।


author

Rakesh

Content Editor

Related News