ਭਾਰਤ-ਜਾਪਾਨ ਨੇ 8 ਸਮਝੌਤੇ ਦਸਤਾਵੇਜ਼ਾਂ ''ਤੇ ਕੀਤੇ ਦਸਤਖ਼ਤ

03/20/2023 5:48:49 PM

ਨਵੀਂ ਦਿੱਲੀ (ਵਾਰਤਾ)- ਭਾਰਤ ਅਤੇ ਜਾਪਾਨ ਨੇ ਸੋਮਵਾਰ ਨੂੰ ਵਿਸ਼ਵ ਪੱਧਰ 'ਤੇ ਉਥਲ-ਪੁਥਲ ਦੌਰਾਨ ਦੁਨੀਆ ਵਿਚ ਟਿਕਾਊ ਸਪਲਾਈ ਚੇਨ ਸਥਾਪਤ ਕਰਨ ਅਤੇ ਸਥਿਰ ਕਰਨ ਲਈ ਆਰਥਿਕ ਅਤੇ ਤਕਨੀਕੀ ਸਹਿਯੋਗ ਨੂੰ ਵਧਾਉਣ ਦੇ ਇਰਾਦੇ ਨਾਲ ਆਪਸੀ ਸਹਿਯੋਗ ਲਈ 8 ਸਮਝੌਤਿਆਂ 'ਤੇ ਦਸਤਖ਼ਤ ਕੀਤੇ। ਇਹ ਫੈਸਲੇ ਇੱਥੇ ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਵਫ਼ਦ ਪੱਧਰੀ ਦੁਵੱਲੀ ਮੀਟਿੰਗ ਦੌਰਾਨ ਲਏ ਗਏ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਮਈ ਵਿਚ ਸ਼੍ਰੀ ਮੋਦੀ ਨੂੰ ਜੀ 7 ਸੰਮੇਲਨ ਵਿਚ ਸੱਦਾ ਦਿੱਤਾ ਸੀ, ਜਦੋਂ ਕਿ ਪੀ.ਐੱਮ. ਮੋਦੀ ਨੇ ਸਤੰਬਰ ਵਿਚ ਜੀ-20 ਸੰਮੇਲਨ ਵਿਚ ਸ਼੍ਰੀ ਕਿਸ਼ਿਦਾ ਦੀ ਦੁਬਾਰਾ ਮੇਜ਼ਬਾਨੀ ਕਰਨ ਦੀ ਉਮੀਦ ਕੀਤੀ ਸੀ। ਆਪਣੇ ਮੀਡੀਆ ਬਿਆਨ ਵਿਚ ਪੀ.ਐੱਮ. ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਉਹ ਪਿਛਲੇ ਇਕ ਸਾਲ ਵਿਚ ਕਈ ਵਾਰ ਮਿਲੇ ਹਨ ਅਤੇ ਹਰ ਵਾਰ ਭਾਰਤ-ਜਾਪਾਨ ਸਬੰਧਾਂ ਪ੍ਰਤੀ ਆਪਣੀ ਸਕਾਰਾਤਮਕਤਾ ਅਤੇ ਵਚਨਬੱਧਤਾ ਨੂੰ ਮਹਿਸੂਸ ਕੀਤਾ ਹੈ। ਇਸ ਲਈ ਉਨ੍ਹਾਂ ਦਾ ਅੱਜ ਦਾ ਦੌਰਾ ਸਾਡੇ ਆਪਸੀ ਸਹਿਯੋਗ ਦੀ ਗਤੀ ਨੂੰ ਕਾਇਮ ਰੱਖਣ ਲਈ ਬਹੁਤ ਲਾਭਦਾਇਕ ਹੋਵੇਗਾ।

PunjabKesari

ਸ਼੍ਰੀ ਮੋਦੀ ਨੇ ਕਿਹਾ,“ਇਸ ਸਾਲ ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਜਪਾਨ ਜੀ-7 ਦੀ ਅਤੇ ਇਸ ਲਈ ਇਹ ਤੁਹਾਡੀਆਂ ਆਪਣੀਆਂ ਤਰਜੀਹਾਂ ਅਤੇ ਰੁਚੀਆਂ 'ਤੇ ਇਕੱਠੇ ਕੰਮ ਕਰਨ ਦਾ ਸਹੀ ਮੌਕਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਿਸ਼ਿਦਾ ਨੂੰ ਅੱਜ ਭਾਰਤ ਦੀ ਜੀ-20 ਚੇਅਰਮੈਨਸ਼ਿਪ ਦੀਆਂ ਤਰਜੀਹਾਂ ਬਾਰੇ ਵਿਸਥਾਰ ਵਿਚ ਦੱਸਿਆ। ਗਲੋਬਲ ਸਾਊਥ ਦੀਆਂ ਤਰਜੀਹਾਂ ਨੂੰ ਆਵਾਜ਼ ਦੇਣਾ ਸਾਡੀ ਜੀ-20 ਪ੍ਰੈਜ਼ੀਡੈਂਸੀ ਦਾ ਮਹੱਤਵਪੂਰਨ ਥੰਮ੍ਹ ਹੈ। "ਵਸੁਧੈਵ ਕੁਟੁੰਬਕਮ" ਵਿਚ ਵਿਸ਼ਵਾਸ ਰੱਖਣ ਵਾਲਾ ਸੱਭਿਆਚਾਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਸ ਲਈ ਅਸੀਂ ਇਹ ਪਹਿਲ ਕੀਤੀ ਹੈ। ਪੀ.ਐੱਮ. ਮੋਦੀ ਨੇ ਕਿਹਾ,“ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਸਾਡੀਆਂ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਅੰਤਰਰਾਸ਼ਟਰੀ ਖੇਤਰ ਵਿਚ ਕਾਨੂੰਨ ਦੇ ਸ਼ਾਸਨ ਦੇ ਸਨਮਾਨ 'ਤੇ ਆਧਾਰਿਤ ਹੈ। ਇਸ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨਾ ਨਾ ਸਿਰਫ਼ ਸਾਡੇ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਹੈ, ਸਗੋਂ ਇਹ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਨੂੰ ਵੀ ਉਤਸ਼ਾਹਿਤ ਕਰਦਾ ਹੈ। ਅੱਜ ਸਾਡੀ ਗੱਲਬਾਤ ਵਿਚ ਅਸੀਂ ਦੁਵੱਲੇ ਸਬੰਧਾਂ ਵਿਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ।'' ਪ੍ਰਧਾਨ ਮੰਤਰੀ ਨੇ ਕਿਹਾ,''ਅਸੀਂ ਰੱਖਿਆ ਉਪਕਰਣ ਅਤੇ ਤਕਨੀਕੀ ਸਹਿਯੋਗ, ਵਪਾਰ, ਸਿਹਤ ਅਤੇ ਡਿਜੀਟਲ ਸਾਂਝੀਦਾਰੀ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਸੈਮੀ ਕੰਡਕਟਰ ਅਤੇ ਹੋਰ ਮਹੱਤਵਪੂਰਨ ਤਕਨਾਲੋਜੀਆਂ 'ਚ ਭਰੋਸੇਯੋਗ ਸਪਲਾਈ ਚੇਨ ਦੇ ਮਹੱਤਵ 'ਤੇ ਹੀ ਸਾਡੇ ਵਿਚਾਲੇ ਸਾਰਥਕ ਚਰਚਾ ਹੋਈ।


DIsha

Content Editor

Related News