ਕੋਵਿਡ-19 ਆਫ਼ਤ ਦੌਰਾਨ ਭਾਰਤ ਨੇ 150 ਤੋਂ ਵਧੇਰੇ ਦੇਸ਼ਾਂ ਦੀ ਕੀਤੀ ਮਦਦ: ਪਿਊਸ਼ ਗੋਇਲ
Saturday, Mar 13, 2021 - 04:06 PM (IST)
ਤਿਰੂਪਤੀ— ਰੇਲ ਮੰਤਰੀ ਪਿਊਸ਼ ਗੋਇਲ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਕੋਵਿਡ-19 ਆਫ਼ਤ ਦੌਰਾਨ ਦੁਨੀਆ ਦੀ ਮਦਦ ਦੀ ਕੋਸ਼ਿਸ਼ ਕੀਤੀ ਹੈ। ਤਿਰੂਮਲਾ ਵਿਚ ਭਗਵਾਨ ਵੈਂਕਟੇਸ਼ ਦੇ ਦਰਸ਼ਨ ਕਰਨ ਮਗਰੋਂ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਹਾਮਾਰੀ ਦੌਰਾਨ 130 ਕਰੋੜ ਤੋਂ ਵਧੇਰੇ ਦੀ ਆਬਾਦੀ ਵਾਲੇ ਦੇਸ਼ ਨੇ ਜਾਨਲੇਵਾ ਵਾਇਰਸ ਦੇ ਕਹਿਰ ਤੋਂ ਛੇਤੀ ਉਭਰ ਕੇ ਪੂਰੀ ਦੁਨੀਆ ਨੂੰ ਆਪਣੀ ਸਮਰੱਥਾ ਦਾ ਅਹਿਸਾਸ ਕਰਵਾਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਮਹਾਮਾਰੀ ਦੌਰਾਨ ਭਾਰਤ ਕਿਸੇ ’ਤੇ ਨਿਰਭਰ ਨਹੀਂ ਰਿਹਾ, ਸਗੋਂ ਵਾਇਰਸ ਖ਼ਿਲਾਫ਼ ਲੜਾਈ ’ਚ ਦੁਨੀਆ ਭਰ ਦੀ ਮਦਦ ਕੀਤੀ।
ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 150 ਤੋਂ ਵਧੇਰੇ ਦੇਸ਼ਾਂ ਦੀ ਦਵਾਈਆਂ ਨਾਲ ਮਦਦ ਕੀਤੀ ਅਤੇ ਬਾਅਦ ਵਿਚ 75 ਤੋਂ ਵਧੇਰੇ ਦੇਸ਼ਾਂ ਨੂੰ ਭਾਰਤ ਤੋਂ ਕੋਵਿਡ-19 ਦੇ ਟੀਕੇ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੇ ਲੋਕਾਂ ਦੀ ਇਹ ਸੋਚ ਹੋਰ ਮਜ਼ਬੂਤ ਹੋਈ ਹੈ ਕਿ ਅਸੀਂ ਆਪਣੀ ਸੁਰੱਖਿਆ ਕਰਦੇ ਹੋਏ ਹਮੇਸ਼ਾ ਦੁਨੀਆ ਦਾ ਖ਼ਿਆਲ ਰੱਖਦੇ ਹਾਂ। ਗੋਇਲ ਨੇ ਇਹ ਵੀ ਕਿਹਾ ਕਿ ਕੋਵਿਡ-19 ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ, ਮਾਸਕ ਪਹਿਨਣ ਅਤੇ ਦੋ ਗਜ਼ ਦੀ ਦੂਰੀ ਦਾ ਪਾਲਣ ਕਰਨ ਸਮੇਤ ਹੋਰ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਾਰਿਆਂ ਦਾ ਟੀਕਾਕਰਨ ਨਹੀਂ ਹੋ ਜਾਂਦਾ ਹੈ ਅਤੇ ਇਸ ਬੀਮਾਰੀ ਦਾ ਇਲਾਜ ਨਹੀਂ ਮਿਲ ਜਾਂਦਾ, ਉਦੋਂ ਤੱਕ ਸਾਨੂੰ ਉਡੀਕ ਕਰਨੀ ਹੋਵੇਗੀ।