ਭਾਰਤ-ਫ਼ਰਾਂਸ ਰਣਨੀਤਿਕ ਹਿੱਸੇਦਾਰੀ ਹੋਰ ਮਜ਼ਬੂਤ ਹੋਵੇਗੀ : ਨਰਿੰਦਰ ਮੋਦੀ
Friday, Jul 07, 2023 - 05:19 PM (IST)
ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਉਹ 2 ਦਿਨਾਂ ਪੈਰਿਸ ਦੌਰੇ ਦੌਰਾਨ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨਾਲ ਗੱਲਬਾਤ ਕਰਨ ਨੂੰ ਲੈ ਕੇ ਉਤਸੁਕ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਗੱਲਬਾਤ ਭਾਰਤ-ਫ਼ਰਾਂਸ ਰਣਨੀਤਿਕ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ।
ਪ੍ਰਧਾਨ ਮੰਤਰੀ ਨੇ ਇਹ ਗੱਲ ਫ਼ਰਾਂਸ ਦੇ ਰਾਸ਼ਟਰਪਤੀ ਦੇ ਸਫ਼ਾਰਤੀ ਸਲਾਹਕਾਰ ਇਮੈਨੁਏਲ ਬੋਨ ਨਾਲ ਮੁਲਾਕਾਤ ਤੋਂ ਬਾਅਦ ਕਹੀ। ਪ੍ਰਧਾਨ ਮੰਤਰੀ ਮੋਦੀ 14 ਜੁਲਾਈ ਨੂੰ ਪੈਰਿਸ ’ਚ ਹੋਣ ਵਾਲੀ ਬੈਸਟਿਲ ਡੇਅ ਪਰੇਡ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਪਰੇਡ ’ਚ ਭਾਰਤੀ ਹਥਿਆਰਬੰਦ ਬਲਾਂ ਦੀ ਇਕ ਟੁਕੜੀ ਵੀ ਆਪਣੇ ਫਰਾਂਸੀਸੀ ਹਮ-ਰੁਤਬਿਆਂ ਨਾਲ ਹਿੱਸਾ ਲਵੇਗੀ।
ਫ਼ਰਾਂਸ ਨੇ ਇਸ ਸਾਲ ਮਾਰਚ ਮਹੀਨੇ ’ਚ ਪ੍ਰਧਾਨ ਮੰਤਰੀ ਮੋਦੀ ਨੂੰ ਜੁਲਾਈ ’ਚ ਸਾਲਾਨਾ ਬੈਸਟਿਲ ਡੇਅ ਪਰੇਡ ’ਚ ਮਹਿਮਾਨ ਵਜੋਂ ਪੈਰਿਸ ਆਉਣ ਲਈ ਸੱਦਾ ਦਿੱਤਾ ਸੀ।
ਫ਼ਰਾਂਸੀਸੀ ਰਾਸ਼ਟਰਪਤੀ ਦੇ ਸ਼ਫਾਰਤੀ ਸਲਾਹਕਾਰ ਇਮੈਨੁਅਲ ਬੋਨ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੀ ਫ਼ਰਾਂਸ ਯਾਤਰਾ ਦੀਆਂ ਤਿਆਰੀਆਂ ’ਤੇ ਚਰਚਾ ਕੀਤੀ। ਬੈਠਕ ਦਾ ਏਜੰਡਾ ਭਾਰਤ ਅਤੇ ਫ਼ਰਾਂਸ ਵਿਚਾਲੇ ਰਣਨੀਤਿਕ ਗੱਲਬਾਤ ਨੂੰ ਲਗਾਤਾਰ ਪ੍ਰਦਾਨ ਕਰਨਾ ਅਤੇ ਇਸ ਸੰਦਰਭ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੀ ਫ਼ਰਾਂਸ ਯਾਤਰਾ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣਾ ਸੀ। ਇਸ ਦਰਮਿਆਨ ਫ਼ਰਾਂਸ ਦੇ ਰਾਸ਼ਟਰੀ ਦਿਵਸ ਪਰੇਡ ’ਚ ਹਿੱਸਾ ਲੈਣ ਲਈ ਤਿੰਨਾਂ ਫੌਜਾਂ ਦਾ ਇਕ ਦਸਤਾ ਵੀਰਵਾਰ ਨੂੰ ਰਵਾਨਾ ਹੋ ਗਿਆ।