ਭਾਰਤ ਨੇ ਰੂਸ ਦੇ ਯੂਕ੍ਰੇਨ ਨਾਲ ਯੁੱਧ ਦੇ ਆਰਥਿਕ ਪ੍ਰਭਾਵਾਂ ਬਾਰੇ ਚਰਚਾ ਕੀਤੀ
Tuesday, Nov 08, 2022 - 05:30 PM (IST)
ਮਾਸਕੋ (ਵਾਰਤਾ)- ਭਾਰਤ ਨੇ ਰੂਸ ਨਾਲ ਉਸ ਦੇ ਅਤੇ ਯੂਕਰੇਨ ਵਿਚਾਲੇ ਜੰਗ ਦੇ ਵਿਸ਼ਵ ਆਰਥਿਕ ਪ੍ਰਭਾਵਾਂ ਅਤੇ ਇਸ ਸਬੰਧ ਵਿਚ ਆਪਣੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਅੱਜ ਡੂੰਘਾਈ ਨਾਲ ਚਰਚਾ ਕੀਤੀ। ਰੂਸ ਦੀ ਯਾਤਰਾ ਉੱਤੇ ਆਏ ਭਾਰਤ ਦੇ ਵਿਦੇਸ਼ ਮੰਤਰੀ ਡਾ.ਜੈਸ਼ੰਕਰ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਭਾਰਤ-ਰੂਸ ਅੰਤਰ-ਸਰਕਾਰੀ ਪ੍ਰੀਸ਼ਦ (ਤਕਨੀਕੀ, ਵਿਗਿਆਨਕ ਅਤੇ ਅਕਾਦਮਿਕ) ਦੀ ਮੀਟਿੰਗ ਵਿੱਚ ਕੋਵਿਡ ਮਹਾਂਮਾਰੀ, ਵਿੱਤੀ ਦਬਾਅ ਅਤੇ ਵਪਾਰਕ ਮੁਸ਼ਕਲਾਂ ਉੱਤੇ ਚਰਚਾ ਕੀਤੀ,ਜਿਨ੍ਹਾਂ ਦਾ ਗਲੋਬਲ ਅਰਥ-ਵਿਵਸਥਾ ਉੱਤੇ ਪ੍ਰਭਾਵ ਪਿਆ ਹੈ।
ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਵਿਦੇਸ਼ ਮੰਤਰੀ ਨੇ ਕਿਹਾ, 'ਵਿਸ਼ਵ ਅਰਥਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ - ਕੋਵਿਡ ਮਹਾਂਮਾਰੀ, ਵਿੱਤੀ ਦਬਾਅ ਅਤੇ ਵਪਾਰਕ ਮੁਸ਼ਕਲਾਂ ਨਾਲ ਹੀ ਅਸੀਂ ਯੂਕ੍ਰੇਨ ਯੁੱਧ ਦੇ ਨਤੀਜਿਆਂ ਨੂੰ ਦੇਖ ਰਹੇ ਹਾਂ। ਇਸ ਦੇ ਨਾਲ ਹੀ ਅੱਤਵਾਦ ਅਤੇ ਜਲਵਾਯੂ ਪਰਿਵਰਤਨ ਦੇ ਮੁੱਦਿਆਂ ਨੇ ਵੀ ਸਾਡੀ ਤਰੱਕੀ ਅਤੇ ਖੁਸ਼ਹਾਲੀ ਨੂੰ ਪ੍ਰਭਾਵਿਤ ਕੀਤਾ ਹੈ।'
ਡਾ: ਜੈਸ਼ੰਕਰ ਨੇ ਕਿਹਾ ਕਿ ਅੱਜ ਭਾਰਤ ਅਤੇ ਰੂਸ ਵਿਚਾਲੇ ਹੋਣ ਵਾਲੀ ਇਸ ਬੈਠਕ 'ਚ ਸਮੁੱਚੀ ਆਲਮੀ ਸਥਿਤੀਆਂ ਅਤੇ ਖੇਤਰੀ ਚਿੰਤਾਵਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ, 'ਭਾਰਤ ਅਤੇ ਰੂਸ ਵਧੇਰੇ ਬਹੁਧਰੁਵੀ ਅਤੇ ਪੁਨਰ-ਸੰਤੁਲਿਤ ਸੰਸਾਰ ਵਿੱਚ ਇੱਕ ਦੂਜੇ ਦੇ ਨਜ਼ਦੀਕੀ ਸੰਪਰਕ ਵਿੱਚ ਹਨ। ਅਸੀਂ ਦੋਵਾਂ ਦੇਸ਼ਾਂ ਦੀ ਰਾਜਨੀਤਿਕ ਲੀਡਰਸ਼ਿਪ ਦੇ ਨਾਲ ਅਸਾਧਾਰਣ ਤੌਰ 'ਤੇ ਨਜ਼ਦੀਕੀ ਅਤੇ ਸਮੇਂ-ਸਮੇਂ 'ਤੇ ਪਰੀਖਿਆ ਵਾਲੇ ਰਿਸ਼ਤੇ ਸਾਂਝੇ ਕਰਦੇ ਹਾਂ। ਇਸ ਲਈ ਇਸ ਮੀਟਿੰਗ ਤੋਂ ਕਾਫੀ ਉਮੀਦਾਂ ਹਨ।'