ਚੀਨ ਨਾਲ ਗਤੀਰੋਧ ''ਤੇ ਮੋਦੀ ਸਰਕਾਰ ਸੰਸਦ ''ਚ ਦੇ ਸਕਦੀ ਹੈ ਬਿਆਨ: ਸੂਤਰ

Sunday, Sep 13, 2020 - 06:18 PM (IST)

ਚੀਨ ਨਾਲ ਗਤੀਰੋਧ ''ਤੇ ਮੋਦੀ ਸਰਕਾਰ ਸੰਸਦ ''ਚ ਦੇ ਸਕਦੀ ਹੈ ਬਿਆਨ: ਸੂਤਰ

ਨਵੀਂ ਦਿੱਲੀ— 14 ਸਤੰਬਰ ਯਾਨੀ ਕਿ ਸੋਮਵਾਰ ਨੂੰ ਸੰਸਦ ਦਾ ਮਾਨਸੂਨ ਸੈਸ਼ਨ ਹੋਣ ਜਾ ਰਿਹਾ ਹੈ। ਸੰਸਦ ਸੈਸ਼ਨ ਦੌਰਾਨ ਵਿਰੋਧੀ ਧਿਰ ਮੋਦੀ ਸਰਕਾਰ ਨੂੰ ਕਈ ਮੁੱਦਿਆਂ 'ਤੇ ਘੇਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਮੋਦੀ ਸਰਕਾਰ ਭਾਰਤ-ਚੀਨ ਗਤੀਰੋਧ 'ਤੇ ਸੰਸਦ 'ਚ ਬਿਆਨ ਦੇ ਸਕਦੀ ਹੈ। ਸੈਸ਼ਨ ਤੋਂ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਚੀਨ ਨਾਲ ਗਤੀਰੋਧ ਨੂੰ ਲੈ ਕੇ ਰਾਹੁਲ ਸਮੇਤ ਕਾਂਗਰਸ ਨੇਤਾਵਾਂ ਵਲੋਂ ਲਗਾਤਾਰ ਮੋਦੀ ਸਰਕਾਰ 'ਤੇ ਤਿੱਖੇ ਸ਼ਬਦੀ ਵਾਰ ਕੀਤੇ ਜਾ ਰਹੇ ਹਨ। ਰਾਹੁਲ ਗਾਂਧੀ ਟਵਿੱਟਰ 'ਤੇ ਟਵੀਟ ਜ਼ਰੀਏ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਰਹਿੰਦੇ ਹਨ। 

PunjabKesari

ਦੱਸਣਯੋਗ ਹੈ ਕਿ 15 ਜੂਨ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਤੇ ਤਾਇਨਾਤ 20 ਫ਼ੌਜੀ ਜਵਾਨਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ। ਭਾਰਤ-ਚੀਨ 'ਚ ਹਿੰਸਕ ਝੜਪ ਮਗਰੋਂ ਇਹ ਘਟਨਾ ਸਾਹਮਣੇ ਆਈ, ਜਿਸ ਵਿਚ ਸਾਡੇ ਫ਼ੌਜੀ ਜਵਾਨ ਸ਼ਹੀਦ ਹੋ ਗਏ। ਭਾਰਤ-ਚੀਨ ਸਰਹੱਦ 'ਤੇ ਅਜਿਹੀ ਘਟਨਾ ਚਾਰ ਦਹਾਕਿਆਂ ਵਿਚ ਪਹਿਲੀ ਵਾਰ ਹੋਈ ਸੀ। ਇਸ ਤੋਂ ਇਲਾਵਾ ਪਿਛਲੇ ਦੋ ਹਫ਼ਤਿਆਂ ਵਿਚ ਵੀ ਚੀਨੀ ਫ਼ੌਜੀਆਂ ਨੇ ਲੱਦਾਖ ਦੇ ਪੈਂਗੋਂਗ ਝੀਲ ਦੇ ਦੱਖਣੀ ਇਲਾਕੇ ਵਿਚ ਹਮਲਾਵਰ ਰੁਖ਼ ਅਪਣਾਇਆ ਪਰ ਭਾਰਤ ਐੱਲ. ਏ. ਸੀ. 'ਤੇ ਸਥਿਤੀ ਬਦਲਣ ਲਈ ਇਨ੍ਹਾਂ ਕੋਸ਼ਿਸ਼ਾਂ ਨੂੰ ਰੋਕਣ 'ਚ ਸਫਲ ਰਿਹਾ। 29-30 ਅਗਸਤ ਨੂੰ ਵੀ ਚੀਨੀ ਫ਼ੌਜੀਆਂ ਨੇ ਭਾਰਤੀ ਫ਼ੌਜ ਨੂੰ ਉਕਸਾਇਆ। ਭਾਰਤੀ ਫ਼ੌਜ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਅਤੇ ਚੀਨੀ ਫ਼ੌਜ ਨੂੰ ਖਦੇੜ ਦਿੱਤਾ ਸੀ। ਭਾਰਤ-ਚੀਨ ਵਿਵਾਦ ਖ਼ਤਮ ਕਰਨ ਲਈ ਦੋਹਾਂ ਦੇਸ਼ਾਂ ਦਰਮਿਆਨ ਕਈ ਪੱਧਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਬੈਠਕਾਂ ਬੇਨਤੀਜਾ ਰਹੀਆਂ। ਅਜਿਹੇ ਵਿਚ ਹਾਲਾਤਾਂ ਨੂੰ ਵੇਖਦਿਆਂ ਮੋਦੀ ਸਰਕਾਰ ਲਈ ਇਸ ਮੁੱਦੇ 'ਤੇ ਚਰਚਾ ਤੋਂ ਬਚਣਾ ਮੁਸ਼ਕਲ ਹੋ ਗਿਆ ਹੈ।


author

Tanu

Content Editor

Related News