LAC ਵਿਵਾਦ : ਭਾਰਤ-ਚੀਨ ਵਿਚਾਲੇ 9ਵੇਂ ਦੌਰ ਦੀ ਗੱਲਬਾਤ ਸ਼ੁਰੂ

Sunday, Jan 24, 2021 - 10:24 AM (IST)

LAC ਵਿਵਾਦ : ਭਾਰਤ-ਚੀਨ ਵਿਚਾਲੇ 9ਵੇਂ ਦੌਰ ਦੀ ਗੱਲਬਾਤ ਸ਼ੁਰੂ

ਨਵੀਂ ਦਿੱਲੀ- ਪੂਰਬੀ ਲੱਦਾਖ 'ਚ ਫ਼ੌਜੀਆਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਅੱਜ ਯਾਨੀ ਐਤਵਾਰ ਨੂੰ ਕੋਰ ਕਮਾਂਡਰ ਪੱਧਰ ਦੀ 9ਵੇਂ ਦੌਰ ਦੀ ਗੱਲਬਾਤ ਸ਼ੁਰੂ ਹੋ ਗਈ ਹੈ। ਇਹ ਗੱਲਬਾਤ ਚੁਸ਼ੁਲ ਸੈਕਟਰ ਕੋਲ ਮੋਲਡੋ 'ਚ ਭਾਰਤੀ ਸਰਹੱਦ 'ਚ ਹੋ ਰਹੀ ਹੈ। ਭਾਰਤ ਅਤੇ ਚੀਨ ਵਿਚਾਲੇ ਪਿਛਲੇ 8 ਮਹੀਨਿਆਂ ਤੋਂ ਭਾਰੀ ਤਣਾਅ ਹੈ ਅਤੇ ਦੋਹਾਂ ਦੇਸ਼ਾਂ ਦੇ ਫ਼ੌਜੀ ਪੂਰਬੀ ਲੱਦਾਖ 'ਚ ਆਹਮਣੇ-ਸਾਹਮਣੇ ਡਟੇ ਹੋਏ ਹਨ। ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਕਰਨ ਨੂੰ ਲੈ ਕੇ 8 ਦੌਰ ਦੀ ਕਮਾਂਡਰ ਪੱਧਰ ਦੀ ਗੱਲਬਾਤ ਹੋ ਚੁਕੀ ਹੈ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਇਸ ਦੇ ਨਾਲ ਹੀ ਕੂਟਨੀਤਕ ਗੱਲਬਾਤ ਵੀ ਦੋਵੇਂ ਦੇਸ਼ ਕਰ ਰਹੇ ਹਨ। ਭਾਰਤ ਨੇ ਮਜ਼ਬੂਤ ਰੁਖ ਦਿਖਾਉਂਦੇ ਹੋਏ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਪਰਬਤੀ ਖੇਤਰ 'ਚ ਤਣਾਅ ਨੂੰ ਘੱਟ ਕਰਨ ਅਤੇ ਡਿਏਸਕੇਲੇਸ਼ਨ ਦੀ ਜ਼ਿੰਮੇਵਾਰੀ ਚੀਨ 'ਤੇ ਹੈ।

ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਸਫ਼ਲ ਨਾ ਹੋਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਚੀਨ ਚਾਹੁੰਦਾ ਹੈ ਕਿ ਭਾਰਤ ਪੈਂਗੋਂਗ ਤਸੋ ਦੇ ਉਸ ਇਲਾਕੇ, ਜਿੱਥੇ ਭਾਰਤ ਦੀ ਮਜ਼ਬੂਤ ਬੜ੍ਹਤ ਹੈ, ਉੱਥੋਂ ਹਟ ਜਾਵੇ ਪਰ ਭਾਰਤ ਨੇ ਸਾਫ਼ ਕਰ ਦਿੱਤਾ ਹੈ ਕਿ ਚੀਨ ਨੂੰ ਵੀ ਆਪਣੇ ਰਣਨੀਤਕ ਬੜ੍ਹਤ ਵਾਲੇ ਖੇਤਰਾਂ ਤੋਂ ਪਿੱਛੇ ਹਟਣਾ ਹੋਵੇਗਾ। ਦੋਹਾਂ ਦੇਸ਼ਾਂ ਵਿਚਾਲੇ 8ਵੇਂ ਦੌਰ ਦੀ ਗੱਲਬਾਤ ਪਿਛਲੇ ਸਾਲ 8 ਨਵੰਬਰ ਨੂੰ ਹੋਈ ਸੀ। ਉਦੋਂ ਤੋਂ ਕੋਈ ਗੱਲਬਤ ਨਹੀਂ ਹੋ ਸਕੀ ਸੀ ਅਤੇ ਨਾ ਹੀ ਅਗਲੀ ਗੱਲਬਾਤ ਬਾਰੇ ਕੋਈ ਜਾਣਕਾਰੀ ਦਿੱਤੀ ਸੀ। ਹਾਲਾਂਕਿ ਦੋਵੇਂ ਪੱਖ ਗੱਲਬਾਤ ਨਾਲ ਮਸਲੇ ਨੂੰ ਹੱਲ ਕਰਨ ਦੀ ਗੱਲ ਕਰਦੇ ਰਹੇ ਹਨ। 

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News