ਸ਼ਹਾਦਤ ਨੂੰ ਸਲਾਮ: ਭੈਣਾਂ ਨੇ ਸਜਾਉਣਾ ਸੀ ਵੀਰ ਦੇ ਸਿਰ ਸਿਹਰਾ, ਮਾਂ ਦੀ ਆਸ- ''ਪੁੱਤ ਕਦੋਂ ਘਰ ਆਵੇਗਾ''
Wednesday, Jun 17, 2020 - 02:37 PM (IST)
ਕੋਲਕਾਤਾ— ਚੀਨ ਨਾਲ ਲੱਗਦੇ ਲੱਦਾਖ ਦੇ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ 'ਚ 20 ਫ਼ੌਜੀ ਸ਼ਹੀਦ ਹੋਏ ਹਨ। ਉਨ੍ਹਾਂ 'ਚ ਪੱਛਮੀ ਬੰਗਾਲ ਦਾ ਰਾਜੇਸ਼ ਓਰੰਗ ਵੀ ਸ਼ਾਮਲ ਹੈ। ਉਹ ਬੀਰਭੂਮ ਜ਼ਿਲ੍ਹੇ ਦੇ ਮੁਹੰਮਦ ਬਜ਼ਾਰ ਪੁਲਸ ਥਾਣਾ ਅਧੀਨ ਬੇਲਘਰੀਆ ਪਿੰਡ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਮਹੀਨੇ ਰਾਜੇਸ਼ ਦਾ ਵਿਆਹ ਹੋਣ ਵਾਲਾ ਸੀ। ਇਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸਨ ਪਰ ਇਸ ਵੀਰ ਨੇ ਦੇਸ਼ ਦੇ ਨਾਮ ਸ਼ਹਾਦਤ ਦੇ ਦਿੱਤੀ। ਚੀਨੀ ਫ਼ੌਜੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਰਾਜੇਸ਼ ਓਰੰਗ 3 ਭੈਣ-ਭਰਾਵਾਂ 'ਚੋਂ ਸਭ ਤੋਂ ਵੱਡੇ ਸਨ ਅਤੇ 2015 'ਚ ਫੌਜ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਦੇ ਪਿਤਾ ਸੁਭਾਸ਼ ਕਿਸਾਨ ਹਨ ਅਤੇ ਉਨ੍ਹਾਂ ਨੇ ਬੁੱਧਵਾਰ ਦੀ ਸਵੇਰੇ ਨੂੰ ਕਿਹਾ ਕਿ ਮੇਰੇ ਪੁੱਤਰ ਨੇ ਦੇਸ਼ ਦੀ ਸੇਵਾ ਕੀਤੀ ਅਤੇ ਉਸ ਲਈ ਆਪਣੀ ਜਾਨ ਦੇ ਦਿੱਤੀ।
ਰਾਜੇਸ਼ ਦੀ ਮਾਂ ਮਮਤਾ ਅਜੇ ਕੁਝ ਬੋਲਣ ਦੀ ਹਾਲਤ ਵਿਚ ਨਹੀਂ ਹੈ। ਮਾਂ ਪੁੱਤ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਬੇਸੁੱਧ ਹੋ ਗਈ ਹੈ। ਉਹ ਆਸ ਲਾ ਕੇ ਬੈਠੀ ਸੀ ਕਿ ਛੁੱਟੀਆਂ ਵਿਚ ਜਦੋਂ ਪੁੱਤਰ ਘਰ ਆਵੇਗਾ ਤਾਂ ਉਸ ਦਾ ਵਿਆਹ ਕਰਾਂਗੇ। ਪਿਤਾ ਨੇ ਦੱਸਿਆ ਕਿ ਫ਼ੌਜ ਦੇ ਅਧਿਕਾਰੀਆਂ ਨੇ ਮੰਗਲਵਾਰ ਸ਼ਾਮ ਨੂੰ ਰਾਜੇਸ਼ ਦੀ ਮੌਤ ਬਾਰੇ ਸੂਚਨਾ ਦਿੱਤੀ। ਰਾਜੇਸ਼ ਦੀ ਛੋਟੀ ਭੈਣ ਸ਼ਕੁੰਤਲਾ ਨੇ ਕਿਹਾ ਕਿ ਬਚਪਨ ਤੋਂ ਹੀ ਮੇਰਾ ਭਰਾ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ ਅਤੇ ਉਹ ਫ਼ੌਜ ਵਿਚ ਸ਼ਾਮਲ ਹੋ ਕੇ ਖ਼ੁਸ਼ ਸੀ। ਉਹ ਕੁਝ ਮਹੀਨੇ ਪਹਿਲਾਂ ਛੁੱਟੀ 'ਤੇ ਘਰ ਆਇਆ ਸੀ ਅਤੇ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਓਰੰਗ ਦੀਆਂ ਦੋ ਭੈਣਾਂ ਹਨ, ਜਿਸ 'ਚੋਂ ਇਕ ਦਾ ਵਿਆਹ ਹੋ ਗਿਆ ਹੈ ਅਤੇ ਰਾਜੇਸ਼ ਦੇ ਵਿਆਹ ਮਗਰੋਂ ਹੀ ਦੂਜੀ ਭੈਣ ਦਾ ਵਿਆਹ ਹੋਣਾ ਸੀ।
ਪਰਿਵਾਰ ਨੇ ਦੱਸਿਆ ਕਿ ਰਾਜੇਸ਼ ਬਿਹਾਰ ਰੈਜੀਮੈਂਟ ਦੇ ਜਵਾਨ ਸਨ। ਗਲਵਾਨ ਘਾਟੀ ਵਿਚ ਕੁਝ ਦਿਨ ਪਹਿਲਾਂ ਹੀ ਬਿਹਾਰ ਰੈਜੀਮੈਂਟ 'ਚ ਤਾਇਨਾਤੀ ਹੋਈ ਸੀ। ਉੱਥੇ ਨੈੱਟਵਰਕ ਵਿਚ ਮੁਸ਼ਕਲ ਹੋਣ ਦੀ ਵਜ੍ਹਾ ਤੋਂ ਪਰਿਵਾਰ ਦੇ ਲੋਕਾਂ ਨਾਲ ਗੱਲਬਾਤ ਨਹੀਂ ਹੋ ਪਾਉਂਦੀ ਸੀ। ਪਰਿਵਾਰਕ ਸੂਤਰਾਂ ਮੁਤਾਬਕ ਰਾਜੇਸ਼ ਨੇ ਕਦੇ ਵੀ ਆਪਣੇ ਪਰਿਵਾਰ ਨੂੰ ਐੱਲ. ਏ. ਸੀ. 'ਤੇ ਤਣਾਅ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ, ਤਾਂ ਕਿ ਕੋਈ ਚਿੰਤਾ ਵਿਚ ਨਾ ਪਵੇ।