''''ਅਰੁਣਾਚਲ ਪ੍ਰਦੇਸ਼ ਸਾਡਾ ਹੈ ਤੇ ਸਾਡਾ ਹੀ ਰਹੇਗਾ...'''', ਭਾਰਤ ਨੇ ਚੀਨ ਨੂੰ ਦਿੱਤਾ ਠੋਕਵਾਂ ਜਵਾਬ

Wednesday, Aug 12, 2026 - 05:35 PM (IST)

''''ਅਰੁਣਾਚਲ ਪ੍ਰਦੇਸ਼ ਸਾਡਾ ਹੈ ਤੇ ਸਾਡਾ ਹੀ ਰਹੇਗਾ...'''', ਭਾਰਤ ਨੇ ਚੀਨ ਨੂੰ ਦਿੱਤਾ ਠੋਕਵਾਂ ਜਵਾਬ

ਨਵੀਂ ਦਿੱਲੀ- ਉੱਤਰ-ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਵਿਚ 27 ਥਾਵਾਂ ਨੂੰ ਭਾਰਤ ਦੇ ਅਧਿਕਾਰਤ ਨਕਸ਼ੇ ’ਤੇ ਉਨ੍ਹਾਂ ਦੇ ਮਿਆਰੀ ਨਾਵਾਂ ਨਾਲ ਪਛਾਣਨ ਦੇ ਭਾਰਤ ਦੇ ਕਦਮ ’ਤੇ ਚੀਨ ਬੌਖਲਾਇਆ ਹੋਇਆ ਹੈ। ਸੋਮਵਾਰ ਨੂੰ ਚੀਨ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਸੀ, ਜਿਸ ਨੂੰ ਨਵੀਂ ਦਿੱਲੀ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ ਅਤੇ ਸਾਫ਼ ਸ਼ਬਦਾਂ ਵਿਚ ਸਪੱਸ਼ਟ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਸਾਡਾ ਹਿੱਸਾ ਹੈ ਅਤੇ ਹਮੇਸ਼ਾ ਰਹੇਗਾ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੰਗਲਵਾਰ ਨੂੰ ਫਿਰ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਸੱਚਾਈ ਨੂੰ ਕੋਈ ਨਹੀਂ ਬਦਲ ਸਕਦਾ। ਦਰਅਸਲ, ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਵਿਚ ਕੁੱਝ ਥਾਵਾਂ ਦੇ ਨਾਂ ਵਾਰ-ਵਾਰ ਬਦਲਣ ਤੋਂ ਬਾਅਦ ਭਾਰਤ ਨੇ ਪਿਛਲੇ ਹਫ਼ਤੇ ਸੂਬੇ ਵਿਚ 27 ਥਾਵਾਂ ਅਤੇ ਖ਼ਾਸ ਸਥਾਨਾਂ ਨੂੰ ਭਾਰਤ ਦੇ ਅਧਿਕਾਰਤ ਨਕਸ਼ੇ ’ਤੇ ਉਨ੍ਹਾਂ ਦੇ ਮਿਆਰੀ ਨਾਵਾਂ ਨਾਲ ਰਸਮੀ ਤੌਰ ’ਤੇ ਨਾਮਜ਼ਦ ਕੀਤਾ ਸੀ। ਉਦੋਂ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਸੀ ਕਿ ਅਰੁਣਾਚਲ ਪ੍ਰਦੇਸ਼ ਦੇ ‘ਸਰਵੇ ਆਫ਼ ਇੰਡੀਆ’ ਦੇ ਨਕਸ਼ੇ ’ਤੇ ਇਨ੍ਹਾਂ ਨੂੰ ਰਸਮੀ ਤੌਰ ’ਤੇ ਪਛਾਣਨ ਦਾ ਮਕਸਦ ਇਨ੍ਹਾਂ ਦੀ ਸਹੀ ਪਛਾਣ ਅਤੇ ਆਮ ਜਨਤਾ ਵਿਚ ਬਿਹਤਰ ਜਾਣਕਾਰੀ ਨੂੰ ਸੁਖਾਲਾ ਬਣਾਉਣਾ ਹੈ।

ਭਾਰਤ ਦੇ ਅਧਿਕਾਰਤ ਨਕਸ਼ੇ ’ਤੇ ਰਸਮੀ ਤੌਰ ’ਤੇ ਚਿੰਨ੍ਹਿਤ 27 ਥਾਵਾਂ ਵਿਚ ‘ਲਾਈਨ ਆਫ਼ ਐਕਚੁਅਲ ਕੰਟਰੋਲ’ (ਐੱਲ. ਏ. ਸੀ.) ਦੇ ਨੇੜੇ ਸਥਿਤ ‘ਲਾਂਗ ਜੂ’ ਵੀ ਸ਼ਾਮਲ ਹੈ। ਇਹ 1959 ਵਿਚ ਭਾਰਤ ਅਤੇ ਚੀਨ ਵਿਚਾਲੇ ਸ਼ੁਰੂਆਤੀ ਟਕਰਾਅ ਦੇ ਕੇਂਦਰਾਂ ਵਿਚੋਂ ਇਕ ਸੀ, ਜਦੋਂ ਚੀਨੀ ਫੌਜ ਇਸ ਇਲਾਕੇ ਵਿਚ ਦਾਖ਼ਲ ਹੋਈ ਸੀ। ਨਵੀਂ ਦਿੱਲੀ ਨੇ ਅਰੁਣਾਚਲ ਪ੍ਰਦੇਸ਼ ਵਿਚ ਥਾਵਾਂ ਦੇ ਨਾਂ ਬਦਲਣ ਦੀ ਚੀਨ ਦੀ ਹਰਕਤ ਨੂੰ ਹਮੇਸ਼ਾ ਸਾਫ਼ ਤੌਰ ’ਤੇ ਖ਼ਾਰਜ ਕੀਤਾ ਹੈ। ਉਸ ਨੇ ਅਜਿਹੇ ਕਦਮਾਂ ਨੂੰ ਲਗਾਤਾਰ ‘ਬੇਕਾਰ ਅਤੇ ਬੇਤੁਕਾ’ ਦੱਸਿਆ ਹੈ ਅਤੇ ਜ਼ੋਰ ਦਿੱਤਾ ਹੈ ਕਿ ਇਨ੍ਹਾਂ ਨਾਲ ਉਸ ‘ਅਟੱਲ’ ਸੱਚਾਈ ਵਿਚ ਕੋਈ ਬਦਲਾਅ ਨਹੀਂ ਆਵੇਗਾ ਕਿ ਇਹ ਸੂਬਾ ਭਾਰਤ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ।


author

Harpreet SIngh

Content Editor

Related News