ਦੱਖਣੀ ਚੀਨ ਸਾਗਰ ''ਚ ਫਿਲੀਪੀਨਜ਼ ਨੂੰ ਤੰਗ ਕਰ ਰਿਹਾ ਚੀਨ ! ਲੱਗੇ ਗੰਭੀਰ ਇਲਜ਼ਾਮ

Monday, Oct 05, 2026 - 02:50 PM (IST)

ਦੱਖਣੀ ਚੀਨ ਸਾਗਰ ''ਚ ਫਿਲੀਪੀਨਜ਼ ਨੂੰ ਤੰਗ ਕਰ ਰਿਹਾ ਚੀਨ ! ਲੱਗੇ ਗੰਭੀਰ ਇਲਜ਼ਾਮ

ਇੰਟਰਨੈਸ਼ਨਲ ਡੈਸਕ- ਦੱਖਣੀ ਚੀਨ ਸਾਗਰ 'ਚ ਵਿਵਾਦਿਤ ਟਾਪੂਆਂ 'ਤੇ ਫਿਲੀਪੀਨਜ਼ ਅਤੇ ਚੀਨ ਵਿਚਾਲੇ ਤਣਾਅ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰ ਗਿਆ ਹੈ। ਫਿਲੀਪੀਨਜ਼ ਦੀਆਂ ਹਥਿਆਰਬੰਦ ਫੌਜਾਂ ਅਤੇ ਕੋਸਟ ਗਾਰਡ ਨੇ ਚੀਨੀ ਫੌਜੀ ਜੈੱਟ ਅਤੇ ਚੀਨੀ ਕੋਸਟ ਗਾਰਡ ਜਹਾਜ਼ਾਂ 'ਤੇ 24 ਘੰਟਿਆਂ ਦੇ ਅੰਦਰ ਦੋ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਦੀਆਂ ਗਸ਼ਤੀ ਟੀਮਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਖ਼ਤਰਨਾਕ ਕਾਰਵਾਈਆਂ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।

ਫਿਲੀਪੀਨਜ਼ ਦੀ ਫੌਜ ਅਨੁਸਾਰ, ਉੱਥੋਂ ਦੇ ਗਸ਼ਤੀ ਜਹਾਜ਼ (C-208) ਦੇ ਉੱਪਰ ਉੱਡਦੇ ਸਮੇਂ ਚੀਨ ਦੇ ਇੱਕ J-16 ਫਾਈਟਰ ਜੈੱਟ ਨੇ ਬਹੁੱਤ ਨੇੜੇ ਆ ਕੇ ਖ਼ਤਰਨਾਕ ਢੰਗ ਨਾਲ ਫਲਾਈਟ ਭਰੀ। ਫਿਲੀਪੀਨਜ਼ ਨੇ ਇਸ ਕਾਰਵਾਈ ਨੂੰ ਹਵਾਈ ਸੁਰੱਖਿਆ ਨਿਯਮਾਂ ਦੀ ਉਲੰਘਣਾ ਅਤੇ ਉਕਸਾਵੇ ਵਾਲਾ ਰਵੱਈਆ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਸਪ੍ਰੈਟਲੀ ਟਾਪੂਆਂ ਦੇ ਸਮੂਹ 'ਚ ਸਥਿਤ ਥੀਤੂ ਟਾਪੂ ਨੇੜੇ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਵਾਲੀ ਇੱਕ ਬੇੜੀ ਨੂੰ ਰੋਕਣ ਲਈ ਗਈ ਫਿਲੀਪੀਨਜ਼ ਕੋਸਟ ਗਾਰਡ ਦੀ ਟੀਮ ਦੇ ਰਸਤੇ ਵਿੱਚ ਚੀਨੀ ਕੋਸਟ ਗਾਰਡ ਦੇ ਦੋ ਵੱਡੇ ਜਹਾਜ਼ ਅਤੇ ਇੱਕ ਫੌਜੀ ਹੈਲੀਕਾਪਟਰ ਆ ਗਏ। ਚੀਨੀ ਜਹਾਜ਼ਾਂ ਨੇ ਫਿਲੀਪੀਨਜ਼ ਦੀਆਂ ਕਿਸ਼ਤੀਆਂ ਦਾ ਪਿੱਛਾ ਕੀਤਾ ਅਤੇ ਸਿਰਫ਼ 9 ਮੀਟਰ ਦੀ ਦੂਰੀ 'ਤੇ ਆ ਕੇ ਉਨ੍ਹਾਂ ਦਾ ਰਸਤਾ ਰੋਕਿਆ।

ਫਿਲੀਪੀਨਜ਼ ਫੌਜ ਨੇ ਇਨ੍ਹਾਂ ਘਟਨਾਵਾਂ 'ਤੇ ਸਖ਼ਤ ਵਿਰੋਧ ਜਤਾਉਂਦਿਆਂ ਕਿਹਾ ਕਿ ਚੀਨ ਵੱਲੋਂ ਅੰਤਰਰਾਸ਼ਟਰੀ ਸਮੁੰਦਰੀ ਅਤੇ ਹਵਾਈ ਨਿਯਮਾਂ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ, ਜੋ ਕਿ ਖੇਤਰੀ ਅਮਨ-ਸ਼ਾਂਤੀ ਲਈ ਖ਼ਤਰਾ ਹੈ। ਪਰ ਸੁਰੱਖਿਆ ਕਾਰਨਾਂ ਕਰ ਕੇ ਫਿਲੀਪੀਨਜ਼ ਦੀਆਂ ਟੀਮਾਂ ਨੂੰ ਆਪਣਾ ਕੰਮ ਅੱਧ ਵਿੱਚਾਲੇ ਛੱਡ ਕੇ ਵਾਪਸ ਮੁੜਨਾ ਪਿਆ। 

ਜ਼ਿਕਰਯੋਗ ਹੈ ਕਿ ਚੀਨ ਲਗਭਗ ਪੂਰੇ ਦੱਖਣੀ ਚੀਨ ਸਾਗਰ 'ਤੇ 'ਨਾਈਨ-ਡੈਸ਼ ਲਾਈਨ' ਦੇ ਆਧਾਰ 'ਤੇ ਆਪਣਾ ਅਧਿਕਾਰ ਜਤਾਉਂਦਾ ਹੈ, ਜਦਕਿ 2016 ਵਿੱਚ 'ਦਿ ਹੈਗ' ਦੇ ਅੰਤਰਰਾਸ਼ਟਰੀ ਟ੍ਰਿਬਿਊਨਲ ਨੇ ਚੀਨ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ। ਗਲੋਬਲ ਆਰਥਿਕਤਾ ਅਤੇ ਵਪਾਰ ਲਈ ਮਹੱਤਵਪੂਰਨ ਇਸ ਸਮੁੰਦਰੀ ਰਸਤੇ ਵਿੱਚ ਫਿਲੀਪੀਨਜ਼, ਵੀਅਤਨਾਮ, ਮਲੇਸ਼ੀਆ ਅਤੇ ਤਾਈਵਾਨ ਦੇ ਖੇਤਰੀ ਦਾਅਵੇ ਵੀ ਸ਼ਾਮਲ ਹਨ। ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ ਖੇਤਰ ਵਿੱਚ 'ਆਜ਼ਾਦ ਹਵਾਈ ਅਤੇ ਸਮੁੰਦਰੀ ਆਵਾਜਾਈ' ਦੀ ਵਕਾਲਤ ਕਰਦੇ ਆ ਰਹੇ ਹਨ।


author

Harpreet SIngh

Content Editor

Related News