ਅਮਰੀਕਾ 'ਚ ਪੜ੍ਹਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਭਾਰਤ ਨੇ ਕੀਤੀ ਅਪੀਲ
Friday, Jul 10, 2020 - 01:01 AM (IST)
ਨਵੀਂ ਦਿੱਲੀ/ਵਾਸ਼ਿੰਗਟਨ - ਭਾਰਤ ਨੇ ਅਮਰੀਕਾ ਨੂੰ ਵੀਜ਼ਾ ਸਬੰਧੀ ਉਸ ਨਿਯਮ ਨੂੰ ਲੈ ਕੇ ਫਿਰ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਜਿਸ ਦੇ ਚੱਲਦੇ ਲੱਖਾਂ ਭਾਰਤੀ ਵਿਦਿਆਰਥੀਆਂ ਸਾਹਮਣੇ ਅਮਰੀਕਾ ਛੱਡਣ ਦਾ ਸੰਕਟ ਪੈਦਾ ਹੋ ਗਿਆ ਹੈ। ਅਮਰੀਕੀ ਇਮੀਗ੍ਰੇਸ਼ਨ ਸੇਵਾ ਨੇ ਇਸ ਹਫ਼ਤੇ ਐਲਾਨ ਕੀਤਾ ਹੈ ਕਿ ਉਨਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ ਜਿਨ੍ਹਾਂ ਦੀ ਯੂਨੀਵਰਸਿਟੀ ਆਪਣੀਆਂ ਸਾਰੀਆਂ ਕਲਾਸਾਂ ਨੂੰ ਆਨਲਾਈਨ ਮੋਡ ਵਿਚ ਕਰਾਵੇਗੀ। ਸਿਰਫ ਕਲਾਸਰੂਮ ਟੀਚਿੰਗ ਅਤੇ ਇਨ-ਪਰਸਨ ਟਿਊਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਹੋਵਗੀ।
ਉਥੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਆਖਿਆ ਕਿ ਟਰੰਪ ਪ੍ਰਸ਼ਾਸਨ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਦੇਸ਼ਾਂ ਵਿਚਾਲੇ ਸਬੰਧ ਬਣਾਉਣ ਵਿਚ ਐਜ਼ੂਕੇਸ਼ਨ ਐਕਸਚੇਂਜ਼ ਅਤੇ ਲੋਕਾਂ ਦੇ ਆਪਸੀ ਸਬੰਧਾਂ ਦੀ ਭੂਮਿਕਾ ਹੁੰਦੀ ਹੈ। ਅਮਰੀਕੀ ਸਰਕਾਰ ਦੇ ਇਸ ਫੈਸਲੇ ਦਾ ਅਮਰੀਕੀ ਅਕਾਦਮਿਕ ਜਗਤ ਵਿਚ ਵੀ ਵਿਰੋਧ ਹੋ ਰਿਹਾ ਹੈ। ਬੀਤੇ ਦਿਨੀਂ ਹਾਰਵਰਡ ਅਤੇ ਮੈਸਾਚੂਟਸ ਇੰਸਟੀਚਿਊਟ ਆਫ ਤਕਨਾਲੋਜੀ ਨੇ ਸਰਕਾਰ ਦੇ ਫੈਸਲੇ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਦੱਸ ਦਈਏ ਕਿ ਪੂਰੀ ਦੁਨੀਆ ਤੋਂ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀ ਅਮਰੀਕਾ ਵਿਚ ਪੜ੍ਹਨ ਆਉਂਦੇ ਹਨ। ਅਮਰੀਕਾ ਵੱਲੋਂ ਇਹ ਫੈਸਲਾ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਵੇਖਦੇ ਹੋਏ ਚੁੱਕਿਆ ਗਿਆ ਹੈ।