ਭਾਰਤ-ਫਰਾਂਸ ਸਮੁੰਦਰੀ ਖੇਤਰ ’ਚ ਸਹਿਯੋਗ ਵਧਾਉਣ ਲਈ ਸਹਿਮਤ
Thursday, Feb 08, 2024 - 07:50 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਭਾਰਤ ਅਤੇ ਫਰਾਂਸ ਦੀਆਂ ਜਲ ਸੈਨਾਵਾਂ ਨੇ ਸਮੁੰਦਰੀ ਖੇਤਰ ਵਿਚ ਸਹਿਯੋਗ ਅਤੇ ਆਪਸੀ ਸੰਚਾਲਨ ਵਧਾਉਣ ’ਤੇ ਸਹਿਮਤੀ ਪ੍ਰਗਟਾਈ ਹੈ। ਦੋਵਾਂ ਜਲ ਸੈਨਾਵਾਂ ਦੇ ਅਧਿਕਾਰੀਆਂ ਵਿਚਾਲੇ ਹੋਈ 17ਵੀਂ ਸਟਾਫ ਵਾਰਤਾ ਦੌਰਾਨ ਇਸ ’ਤੇ ਸਹਿਮਤੀ ਬਣੀ।
ਮੀਟਿੰਗ ਦੀ ਸਹਿ-ਪ੍ਰਧਾਨਗੀ ਭਾਰਤੀ ਜਲ ਸੈਨਾ ਦੇ ਰੀਅਰ ਐਡਮਿਰਲ ਨਿਰਭੈ ਬਾਪਨਾ, ਏ. ਸੀ. ਐੱਨ. ਐੱਸ. (ਐੱਫ. ਸੀ. ਆਈ.) ਅਤੇ ਫਰਾਂਸੀਸੀ ਜਲ ਸੈਨਾ ਦੇ ਰੀਅਰ ਐਡਮਿਰਲ ਜੀਨ-ਮਾਰਕ ਡੁਰਾਂਡੇਓ, ਡਾਇਰੈਕਟਰ ਇੰਟਰਨੈਸ਼ਨਲ ਐਂਗੇਜਮੈਂਟ ਨੇ ਕੀਤੀ। ਗੱਲਬਾਤ ’ਚ ਦੋਵਾਂ ਧਿਰਾਂ ਦੀ ਸਰਗਰਮ ਹਿੱਸੇਦਾਰੀ ਰਹੀ।
ਦੋਵਾਂ ਪੱਖਾਂ ਨੇ ਸੰਚਾਲਨ ਅਤੇ ਸਿਖਲਾਈ ਦੇ ਆਦਾਨ-ਪ੍ਰਦਾਨ ਵਰਗੇ ਵਿਸ਼ਿਆਂ ’ਤੇ ਪ੍ਰਮੁੱਖਤਾ ਨਾਲ ਚਰਚਾ ਕੀਤੀ। ਸਟਾਫ਼ ਦੀ ਗੱਲਬਾਤ ਤੋਂ ਇਲਾਵਾ, ਰੀਅਰ ਐਡਮਿਰਲ ਜੀਨ-ਮਾਰਕ ਡੁਰਾਂਡੇਓ ਨੇ ਬੁੱਧਵਾਰ ਨੂੰ ਜਲ ਸੈਨਾ ਸਟਾਫ ਦੇ ਡਿਪਟੀ ਚੀਫ਼ ਵਾਈਸ ਐਡਮਿਰਲ ਤਰੁਣ ਸੋਬਤੀ ਨਾਲ ਵੀ ਮੁਲਾਕਾਤ ਕੀਤੀ।