ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ‘ਇੰਡੀਆ’ ਗਠਜੋੜ ਦਾ ਹੋ ਜਾਵੇਗਾ ਸਫਾਇਆ : ਮੋਦੀ
Monday, Nov 27, 2023 - 03:01 PM (IST)
ਹੈਦਰਾਬਾਦ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦਾ ਸਫਾਇਆ ਹੋ ਜਾਵੇਗਾ। ਇਨ੍ਹਾਂ ਤਿੰਨ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਸੰਪੰਨ ਹੋ ਗਈਆਂ ਹਨ। ਤੇਲੰਗਾਨਾ ਦੇ ਤੂਪਾਰਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਤਿੰਨਾਂ ਸੂਬਿਆਂ ’ਚ ਆਪਣੇ ਚੋਣ ਪ੍ਰਚਾਰ ਨੂੰ ਯਾਦ ਕੀਤਾ।
ਉਨ੍ਹਾਂ ਕਿਹਾ, ‘‘ਮੈਂ ਤਿੰਨ ਸੂਬਿਆਂ ’ਚ ਦੇਖਿਆ ਹੈ ਕਿ ਉਥੇ ‘ਇੰਡੀ ਅਲਾਇੰਸ’ (ਇੰਡੀਆ ਗੱਠਜੋੜ) ਦਾ ਸਫਾਇਆ ਹੋ ਜਾਵੇਗਾ। ਉਥੋਂ ਦੀਆਂ ਔਰਤਾਂ ਅਤੇ ਕਿਸਾਨ ਕਾਂਗਰਸ ਪਾਰਟੀ ਨੂੰ ਪੁੱਟ ਸੁੱਟਣ ਵਾਲੇ ਹਨ।’’ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਪ੍ਰਧਾਨ ਅਤੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇ. ਸੀ. ਆਰ.) ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਪੁੱਛਿਆ ਕਿ ਕੀ ਤੇਲੰਗਾਨਾ ਨੂੰ ਅਜਿਹੇ ਮੁੱਖ ਮੰਤਰੀ ਦੀ ਲੋੜ ਹੈ, ਜੋ ਲੋਕਾਂ ਨੂੰ ਨਹੀਂ ਮਿਲਦੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਹੋਵੇ ਜਾਂ ਬੀ. ਆਰ. ਐੱਸ., ਉਨ੍ਹਾਂ ਦੀ ਪਛਾਣ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਖਰਾਬ ਕਾਨੂੰਨ ਵਿਵਸਥਾ ਹੈ ਅਤੇ ਉਹ ਇਕ ਦੂਜੇ ਦੀਆਂ ‘ਕਾਰਬਨ ਕਾਪੀਆਂ’ ਹਨ।
ਉਨ੍ਹਾਂ ਕਿਹਾ, ‘‘ਕਾਂਗਰਸ, ਕੇ. ਸੀ. ਆਰ. ਇਕ ਸਮਾਨ, ਦੋਵਾਂ ਤੋਂ ਰਹੋ ਸਾਵਧਾਨ।’’ ਤੇਲੰਗਾਨਾ ’ਚ 30 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।