ਭਾਰਤ ਦੀ ਅਰਥਵਿਵਸਥਾ ਪਟੜੀ ''ਤੇ ਪਰਤਣ ਨੂੰ ਤਿਆਰ : RBI ਦੀ ਰਿਪੋਰਟ
Saturday, Jan 18, 2025 - 01:20 PM (IST)
ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ ਹੈ ਕਿ ਭਾਰਤ ਦੀ ਆਰਥਿਕ ਵਿਕਾਸ ਦਰ ਮੁੜ ਪਟੜੀ 'ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ। ਹਾਲਾਂਕਿ RBI ਨੇ ਕਿਹਾ ਹੈ ਕਿ ਖੁਰਾਕ ਮਹਿੰਗਾਈ 'ਤੇ ਲਗਾਤਾਰ ਨਜ਼ਰ ਰੱਖਣ ਦੀ ਲੋੜ ਹੈ ਤਾਂ ਜੋ ਇਸ ਦੇ ਦੂਰਗਾਮੀ ਪ੍ਰਭਾਵ ਨੂੰ ਰੋਕਿਆ ਜਾ ਸਕੇ।
ਘਰੇਲੂ ਮੰਗ 'ਚ ਫਿਰ ਤੋਂ ਮਜ਼ਬੂਤੀ ਆਉਣ ਕਾਰਨ ਭਾਰਤ ਦੀ ਆਰਥਿਕ ਵਾਧੇ ਵਿਚ ਉਛਾਲ ਆਉਣ ਦੀ ਸੰਭਾਵਨਾ ਹੈ। RBI ਨੇ ਸ਼ੁੱਕਰਵਾਰ 17 ਜਨਵਰੀ 2025 ਨੂੰ ਜਾਰੀ ਕੀਤੇ ਆਪਣੇ ਮਹੀਨੇਵਾਰ ਬੁਲੇਟਿਨ ਵਿਚ ਕਿਹਾ ਕਿ ਸ਼ੁਰੂਆਤੀ ਸੰਕੇਤ ਹਨ ਕਿ ਭਾਰਤੀ ਕੰਪਨੀਆਂ ਵਿੱਤੀ ਸਾਲ 2025 ਦੀ ਤੀਜੀ ਤਿਮਾਹੀ ਵਿਚ ਪਹਿਲੀਆਂ ਦੋ ਤਿਮਾਹੀਆਂ ਦੀ ਤੁਲਨਾ ਵਿਚ ਬਿਹਤਰ ਮਾਲੀਆ ਅਤੇ ਆਮਦਨ ਦਰਜ ਕਰ ਸਕਦੀਆਂ ਹਨ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ੋਰਦਾਰ ਮੰਗ ਦੇ ਵਿਚਕਾਰ ਭਾਰਤ ਦੀ ਆਰਥਿਕ ਵਿਕਾਸ ਇਕ ਵਾਰ ਫਿਰ ਤੋਂ ਰਫਤਾਰ ਫੜਨ ਲਈ ਤਿਆਰ ਜਾਪਦਾ ਹੈ। ਪੇਂਡੂ ਖੇਤਰਾਂ ਵਿਚ ਮੰਗ ਦੀ ਸਥਿਤੀ ਮਜ਼ਬੂਤ ਬਣੀ ਹੋਈ ਹੈ, ਜੋ ਕਿ ਖਪਤ ਵਿੱਚ ਨਿਰੰਤਰਤਾ ਦਾ ਸੰਕੇਤ ਹੈ। ਖੇਤੀ ਖੇਤਰ 'ਚ ਵੀ ਬਹੁਤ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ।
RBI ਮੁਤਾਬਕ ਵਿੱਤੀ ਸਾਲ 25 ਦੀ ਦੂਜੀ ਛਿਮਾਹੀ ਵਿਚ ਆਰਥਿਕ ਗਤੀਵਿਧੀਆਂ ਦੇ ਉੱਚ ਸੂਚਕਾਂ ਵਿਚ ਅਨੁਕੂਲ ਤੇਜ਼ੀ ਆਈ ਹੈ। ਜੋ ਇਸ ਮਿਆਦ ਲਈ ਅਸਲ ਜੀਡੀਪੀ ਵਿਕਾਸ ਵਿੱਚ ਵਾਧਾ ਦਰਸਾਉਂਦੀ ਹੈ।ਵੱਖ-ਵੱਖ ਬ੍ਰੋਕਰੇਜਾਂ ਦੇ ਅਨੁਮਾਨਾਂ ਅਨੁਸਾਰ ਦਸੰਬਰ ਤਿਮਾਹੀ 'ਚ Nifty50 ਕੰਪਨੀਆਂ ਦਾ ਸੰਯੁਕਤ ਸ਼ੁੱਧ ਲਾਭ ਆਪਣੀ ਸਭ ਤੋਂ ਤੇਜ਼ ਦਰ ਨਾਲ ਵਧ ਸਕਦਾ ਹੈ, ਜਿਸ ਵਿਚ ਬੈਂਕਿੰਗ, ਵਿੱਤ ਅਤੇ ਬੀਮਾ ਕੰਪਨੀਆਂ ਵਲੋਂ ਮਜ਼ਬੂਤ ਵਾਧਾ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ, ਗੈਰ-ਸੂਚੀਬੱਧ ਕੰਪਨੀਆਂ ਤੇਜ਼ ਆਮਦਨ ਵਾਧੇ ਨਾਲ ਆਪਣੇ ਸੂਚੀਬੱਧ ਹਮਰੁਤਬਾ ਨੂੰ ਪਛਾੜਨ ਦੀ ਸੰਭਾਵਨਾ ਹੈ।
ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ 'ਚ ਜੀਡੀਪੀ 5.4 ਫੀਸਦੀ 'ਤੇ ਸੱਤ ਤਿਮਾਹੀਆਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਸੀ। ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਦੇ ਪਹਿਲੇ ਅਗਾਊਂ ਅਨੁਮਾਨ 'ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2024-25 'ਚ ਦੇਸ਼ ਦੀ ਆਰਥਿਕ ਵਿਕਾਸ ਦਰ 6.4 ਫੀਸਦੀ ਰਹਿ ਸਕਦੀ ਹੈ, ਜੋ ਪਿਛਲੇ ਚਾਰ ਸਾਲਾਂ 'ਚ ਸਭ ਤੋਂ ਘੱਟ ਰਹੇਗੀ।