ਭਾਰਤ ਦਾ ਡਰੋਨ ਅਭਿਆਸ ‘ਕੋਲਡ ਸਟਾਰਟ’ ਪਾਕਿਸਤਾਨ ਲਈ ਤਿੱਖਾ ਸੰਕੇਤ
Wednesday, Sep 24, 2025 - 09:19 PM (IST)

ਨਵੀਂ ਦਿੱਲੀ (ਅਨਸ)- ਭਾਰਤੀ ਫੌਜ ਅਗਲੇ ਮਹੀਨੇ ਇਕ ਵੱਡੇ ਅਭਿਆਸ ਵਿਚ ਆਪਣੇ ਡਰੋਨ ਅਤੇ ਐਂਟੀ-ਡਰੋਨ ਉਪਕਰਣਾਂ ਦਾ ਪ੍ਰੀਖਣ ਕਰੇਗੀ। ਅਕਤੂਬਰ ਦੇ ਪਹਿਲੇ ਹਫ਼ਤੇ ਹੋਣ ਵਾਲੇ ਇਸ ਅਭਿਆਸ ਦਾ ਨਾਂ ‘ਕੋਲਡ ਸਟਾਰਟ’ ਹੈ। ਇਸ ਅਭਿਆਸ ਦਾ ਮੰਤਵ ਮਨੁੱਖ ਰਹਿਤ ਪ੍ਰਣਾਲੀਆਂ ਅਤੇ ਐਂਟੀ-ਡਰੋਨ ਤਕਨਾਲੋਜੀਆਂ ਦਾ ਪ੍ਰੀਖਣ ਕਰਨਾ ਹੈ। ਇਹ ਭਾਰਤ ਦੇ ਜੰਗੀ ਸਿਧਾਂਤ ਵਿਚ ਇਕ ਤਬਦੀਲੀ ਦਾ ਸੰਕੇਤ ਹੈ, ਜਿਸ ਵਿਚ ਤੇਜ਼ ਹਮਲਾਵਰ ਕਾਰਵਾਈਆਂ ਵਿਚ ਡਰੋਨ ਸ਼ਾਮਲ ਕੀਤੇ ਜਾ ਰਹੇ ਹਨ। ਇਹ ਅਭਿਆਸ ਪਾਕਿਸਤਾਨ ਨੂੰ ਭਾਰਤ ਦੀਆਂ ਉੱਭਰ ਰਹੀਆਂ ਫੌਜੀ ਸਮਰੱਥਾਵਾਂ ਬਾਰੇ ਇਕ ਰਣਨੀਤਕ ਸੰਦੇਸ਼ ਭੇਜਦਾ ਹੈ।
ਮੱਧ ਪ੍ਰਦੇਸ਼ ’ਚ ਹੋ ਸਕਦੈ ਅਭਿਆਸ
ਇਕ ਰਿਪੋਰਟ ਅਨੁਸਾਰ, ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਅਭਿਆਸ ਮੱਧ ਪ੍ਰਦੇਸ਼ ਵਿਚ ਹੋਵੇਗਾ ਅਤੇ ਤਿੰਨੋਂ ਫੌਜਾਂ ਇਸ ਵਿਚ ਹਿੱਸਾ ਲੈਣਗੀਆਂ। ਇਕ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ ਕਿ ਇਸ ਅਭਿਆਸ ਦਾ ਮੰਤਵ ਭਾਰਤ ਦੀ ਹਵਾਈ ਰੱਖਿਆ ਨੂੰ ਮਜ਼ਬੂਤ ਕਰਨਾ ਹੈ। ਇਹ ਡਰੋਨ ਅਭਿਆਸ ਪਾਕਿਸਤਾਨ ਨਾਲ ਆਪ੍ਰੇਸ਼ਨ ਸਿੰਦੂਰ ਦੇ ਕੁਝ ਮਹੀਨਿਆਂ ਬਾਅਦ ਹੋ ਰਿਹਾ ਹੈ। ਇਸ ਟਕਰਾਅ ਦੌਰਾਨ ਪਾਕਿਸਤਾਨ ਨੇ ਡਰੋਨਾਂ ਦੀ ਵਿਆਪਕ ਵਰਤੋਂ ਕੀਤੀ। ਰਿਪੋਰਟ ਅਨੁਸਾਰ, ਹਾਲ ਹੀ ਦੀ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੇ ਡਰੋਨ ਨਿਰਮਾਣ ਨੂੰ ਤੇਜ਼ ਕੀਤਾ ਹੈ। ਡਰੋਨਾਂ ਨੇ ਜੰਗ ਲੜਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਯੂਕ੍ਰੇਨ ਜੰਗ ਅਤੇ ਆਪ੍ਰੇਸ਼ਨ ਸਿੰਦੂਰ ਵਿਚ ਡਰੋਨਾਂ ਦੀ ਵਰਤੋਂ ਨੂੰ ਦੇਖਦੇ ਹੋਏ ਭਾਰਤ ਜੰਗ ’ਚ ਆਪਣੀਆਂ ਡਰੋਨ ਸਮਰੱਥਾਵਾਂ ਨੂੰ ਹੋਰ ਤੇਜ਼ ਕਰਨਾ ਚਾਹੁੰਦਾ ਹੈ।