ਭਾਰਤ ਦੀ ਮੌਜੂਦਾ ਸਥਿਤੀ ਬਰਤਾਨਵੀਂ ਰਾਜ ਵਰਗੀ : ਪ੍ਰਿਅੰਕਾ
Wednesday, Nov 05, 2025 - 06:24 PM (IST)
ਵਾਲਮੀਕੀ ਨਗਰ (ਬਿਹਾਰ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਦੇਸ਼ ਦੀ ਅੱਜ ਦੀ ਸਥਿਤੀ ਬਰਤਾਨਵੀਂ ਰਾਜ ਵਰਗੀ ਹੈ। ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ‘ਵੋਟ ਚੋਰੀ’ ਰਾਹੀਂ ਬਿਹਾਰ ’ਚ ਸਰਕਾਰ ਬਣਾਉਣਾ ਚਾਹੁੰਦਾ ਹੈ।ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲੇ ਦੇ ਵਾਲਮੀਕੀ ਨਗਰ ’ਚ ਬੁੱਧਵਾਰ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਉਹ ਧਰਤੀ ਹੈ ਜਿੱਥੋਂ ਮਹਾਤਮਾ ਗਾਂਧੀ ਨੇ ਆਜ਼ਾਦੀ ਅੰਦੋਲਨ ਸ਼ੁਰੂ ਕੀਤਾ ਸੀ। ਮੌਜੂਦਾ ਸਥਿਤੀ ਨੂੰ ਵੇਖਦਿਆਂ ਅਜਿਹਾ ਲਗਦਾ ਹੈ ਕਿ ਦੇਸ਼ ਫਿਰ ਉਸੇ ਦਿਸ਼ਾ ਵੱਲ ਜਾ ਰਿਹਾ ਹੈ। ਰਾਜਗ ਸਰਕਾਰ ਨੇ ਬਿਹਾਰ ’ਚ ਵੋਟਰ ਸੂਚੀਆਂ ’ਚੋਂ ਲਗਭਗ 65 ਲੱਖ ਵੋਟਰਾਂ ਦੇ ਨਾਂ ਹਟਾ ਦਿੱਤੇ ਹਨ। ਇਨ੍ਹਾਂ ’ਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਹਨ।
ਪ੍ਰਿਅੰਕਾ ਨੇ ਕਿਹਾ ਕਿ ਬਿਹਾਰ ’ਚ ਬੇਰੁਜ਼ਗਾਰੀ ਤੇ ਹਿਜਰਤ ਆਪਣੇ ਸਿਖਰ ’ਤੇ ਹੈ। ਸੂਬੇ ਦੇ ਨੌਜਵਾਨ ਰੁਜ਼ਗਾਰ ਦੀ ਭਾਲ ’ਚ ਸੂਬਾ ਛੱਡਣ ਲਈ ਮਜਬੂਰ ਹਨ। ਵਧਦੀਆਂ ਲਾਗਤਾਂ ਤੇ ਟੈਕਸਾਂ ਕਾਰਨ ਕਿਸਾਨ ਖੇਤੀ ਤੋਂ ਢੁਕਵੀਂ ਆਮਦਨ ਹਾਸਲ ਕਰਨ ’ਚ ਅਸਮਰੱਥ ਹੈ।ਉਨ੍ਹਾਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਰਾਜਗ ਨੇ ਦੇਸ਼ ਦੇ ਜਨਤਕ ਖੇਤਰ ਦੇ ਉੱਦਮਾਂ ਨੂੰ ਬਰਬਾਦ ਕਰ ਦਿੱਤਾ ਹੈ। ਸਾਰੀਆਂ ਵੱਡੀਆਂ ਫੈਕਟਰੀਆਂ, ਉਦਯੋਗ ਤੇ ਬੰਦਰਗਾਹਾਂ ਮੋਦੀ ਦੇ ਦੋ ਦੋਸਤਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਬਿਹਾਰ ਦੀਆਂ ਫੈਕਟਰੀਆਂ ਤੇ ਠੇਕੇ ਵੀ ਗੁਜਰਾਤ ਨੂੰ ਦਿੱਤੇ ਜਾ ਰਹੇ ਹਨ। ਛੋਟੇ ਕਾਰੋਬਾਰੀ ਤੇ ਉੱਦਮੀ ਵੀ ਸਹੀ ਢੰਗ ਨਾਲ ਕੰਮ ਕਰਨ ਤੋਂ ਅਸਮਰੱਥ ਹਨ।
