ਭਾਰਤ ਬਣਿਆ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ, ਬ੍ਰਿਟੇਨ ਤੇ ਫਰਾਂਸ ਨੂੰ ਪਛਾੜਿਆ

02/18/2020 1:08:52 AM

ਨਵੀਂ ਦਿੱਲੀ (ਏਜੰਸੀ)- ਦੇਸ਼ ਦੀ ਅਰਥਵਿਵਸਥਾ ਇਸ ਸਮੇਂ ਸੰਕਟ ਦੇ ਦੌਰ 'ਚੋਂ ਲੰਘ ਰਹੀ ਹੈ ਪਰ ਇਸੇ ਦਰਮਿਆਨ ਭਾਰਤ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ, ਯੂ.ਕੇ. ਰਿਪੋਰਟ ਮੁਤਾਬਕ ਇਕ ਵਾਰ ਫਿਰ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਭਾਰਤ ਨੇ 2019 ਵਿਚ ਬ੍ਰਿਟੇਨ ਅਤੇ ਫਰਾਂਸ ਨੂੰ ਪਛਾੜ ਦਿੱਤਾ। ਅਮਰੀਕਾ ਦਾ ਖੋਜ ਸੰਸਥਾਨ ਵਰਲਡ ਪਾਪੂਲੇਸ਼ਨ ਰੀਵਿਊ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਆਤਮ ਨਿਰਭਰ ਬਣਨ ਦੀ ਪੂਰਬ ਦੀ ਨੀਤੀ ਤੋਂ ਭਾਰਤ ਹੁਣ ਅੱਗੇ ਵੱਧਦਾ ਹੋਇਆ ਇਕ ਖੁੱਲ੍ਹੇ ਬਾਜ਼ਾਰ ਵਾਲੀ ਅਰਥਵਿਵਸਥਾ ਦੇ ਰੂਪ ਵਿਚ ਵਿਕਸਿਤ ਹੋ ਰਿਹਾ ਹੈ।

ਰਿਪੋਰਟ ਮੁਤਾਬਕ ਜੀ.ਡੀ.ਪੀ. ਦੇ ਮਾਮਲੇ ਵਿਚ ਭਾਰਤ 2940 ਅਰਬ ਡਾਲਰ ਦੇ ਨਾਲ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ। ਇਸ ਮਾਮਲੇ 'ਚ ਉਸ ਨੇ 2019 'ਚ ਬ੍ਰਿਟੇਨ ਅਤੇ ਫਰਾਂਸ ਨੂੰ ਪਛਾੜ ਦਿੱਤਾ। ਬ੍ਰਿਟੇਨ ਦੀ ਅਰਥਵਿਵਸਥਾ 2830 ਅਰਬ ਡਾਲਰ ਹੈ ਜਦੋਂ ਕਿ ਫਰਾਂਸ ਦਾ 2710 ਅਰਬ ਡਾਲਰ ਹੈ।

ਪੀ.ਪੀ. ਪੀ. ਦੇ ਆਧਾਰ 'ਤੇ ਭਾਰਤ ਦਾ ਜੀ.ਡੀ.ਪੀ. 10,510 ਅਰਬ ਡਾਲਰ ਹੈ ਅਤੇ ਇਹ ਜਾਪਾਨ ਅਤੇ ਜਰਮਨੀ ਤੋਂ ਅੱਗੇ ਹੈ। ਭਾਰਤ ਵਿਚ ਵਧੇਰੇ ਆਬਾਦੀ ਕਾਰਨ ਪ੍ਰਤੀ ਵਿਅਕਤੀ ਜੀ.ਡੀ.ਪੀ. 2170 ਡਾਲਰ ਹੈ। ਇਹ ਅਮਰੀਕਾ 'ਚ ਪ੍ਰਤੀ ਵਿਅਕਤੀ 62,794 ਡਾਲਰ ਹੈ। ਹਾਲਾਂਕਿ ਭਾਰਤ ਦੀ ਅਸਲ ਜੀ.ਡੀ.ਪੀ. ਵਾਧਾ ਦਰ ਲਗਾਤਾਰ ਤੀਜੀ ਤਿਮਾਹੀ ਵਿਚ ਕਮਜ਼ੋਰ ਰਹਿ ਸਕਦੀ ਹੈ ਅਤੇ 7.5 ਫੀਸਦੀ ਤੋਂ ਘਟ ਕੇ 5 ਫੀਸਦੀ 'ਤੇ ਆ ਸਕਦੀ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਵਿਚ ਆਰਥਿਕ ਉਦਾਰੀਕਰਣ 1990 ਦੀ ਦਹਾਕੇ ਵਿਚ ਸ਼ੁਰੂ ਹੋਇਆ ਹੈ। ਉਦਯੋਗਾਂ ਨੂੰ ਕੰਟਰੋਲ ਮੁਕਤ ਕੀਤਾ ਗਿਆ ਅਤੇ ਵਿਦੇਸ਼ੀ ਵਪਾਰ ਅਤੇ ਨਿਵੇਸ਼ 'ਤੇ ਕੰਟਰੋਲ ਘੱਟ ਕੀਤਾ। ਨਾਲ ਹੀ ਸਰਕਾਰੀ ਕੰਪਨੀਆਂ ਦਾ ਨਿਜੀਕਰਣ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਉਪਾਵਾਂ ਨਾਲ ਭਾਰਤ ਨੂੰ ਆਰਥਿਕ ਵਾਧਾ ਤੇਜ਼ ਕਰਨ ਵਿਚ ਮਦਦ ਮਿਲੀ ਹੈ। ਅਮਰੀਕਾ ਦਾ ਵਰਲਡ ਪਾਪੂਲੇਸ਼ਨ ਰੀਵਿਊ ਇਕ ਸੁਤੰਤਰ ਸੰਗਠਨ ਹੈ।


Sunny Mehra

Content Editor

Related News