ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਨੇ ਖੱਟੜ ਸਰਕਾਰ ਨੂੰ ਮੁੜ ਦਿੱਤਾ ਸਮਰਥਨ
Monday, Mar 21, 2022 - 05:51 PM (IST)

ਭਿਵਾਨੀ (ਭਾਸ਼ਾ)- ਦਾਦਰੀ ਤੋਂ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਨੇ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਨੂੰ ਮੁੜ ਤੋਂ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਇਸ ਬਾਰੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੂੰ ਇਕ ਚਿੱਠੀ ਲਿਖੀ ਹੈ। ਉਨ੍ਹਾਂ ਨੇ ਉਸ 'ਚ ਲਿਖਿਆ ਹੈ,''ਕਿਉਂਕਿ ਹੁਣ ਕੇਂਦਰ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਏ ਹਨ, ਇਸ ਲਈ ਮੈਂ ਮਨੋਹਰ ਲਾਲ ਜੀ ਦੀ ਅਗਵਾਈ 'ਚ ਚੱਲ ਰਹੀ ਗਠਜੋੜ ਸਰਕਾਰ 'ਚ ਭਰੋਸਾ ਜਤਾਉਂਦੇ ਹੋਏ ਉਸ ਨੂੰ ਸਮਰਥਨ ਦਿੰਦਾ ਹਾਂ।''
ਦੱਸਣਯੋਗ ਹੈ ਕਿ 30 ਨਵੰਬਰ 2020 ਨੂੰ ਖੇੜੀ ਪਿੰਡ 'ਚ ਸਾਂਗਵਾਨ ਖਾਪ ਦੀ ਪੰਚਾਇਤ 'ਚ ਕਿਸਾਨਾਂ ਦੇ ਸਮਰਥਨ 'ਚ ਸਾਂਗਵਾਨ ਨੇ ਪਸ਼ੂ ਧਨ ਵਿਕਾਸ ਬੋਰਡ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਉਦੋਂ ਮੁੱਖ ਮੰਤਰੀ ਦੇ ਨਾਮ ਦਿੱਤੇ ਅਸਤੀਫ਼ੇ 'ਚ ਸਾਂਗਵਾਨ ਨੇ ਲਿਖਿਆ ਸੀ, ਉਨ੍ਹਾਂ ਨੇ ਸੋਚ ਸਮਝ ਕੇ ਫ਼ੈਸਲਾ ਲਿਆ ਹੈ ਕਿ ਹੁਣ ਕਿਸਾਨਾਂ ਦਾ ਸਾਥ ਦੇਣ ਦਾ ਸਮਾਂ ਆ ਗਿਆ ਹੈ। ਸਾਂਗਵਾਨ ਨੇ ਬਤੌਰ ਆਜ਼ਾਦ ਉਮੀਦਵਾਰ ਹਰਿਆਣਾ ਵਿਧਾਨ ਸਭਾ ਚੋਣ ਲੜੀ ਸੀ ਅਤੇ ਕਰੀਬ 15 ਹਜ਼ਾਰ ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ ਸੀ। ਜਿੱਤ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਨੂੰ ਸਮਰਥਨ ਦਿੱਤਾ। ਸੂਬੇ ਦੀ ਭਾਜਪਾ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਨੇ ਉਨ੍ਹਾਂ ਨੂੰ ਪਸ਼ੂ ਧਨ ਵਿਕਾਸ ਬੋਰਡ ਦਾ ਚੇਅਰਮੈਨ ਬਣਾਇਆ ਸੀ।