ਆਫ ਦਿ ਰਿਕਾਰਡ: 2020 ’ਚ ਵਧੇ ਖੁਦਕੁਸ਼ੀ ਦੇ ਮਾਮਲੇ

Saturday, Nov 06, 2021 - 10:44 AM (IST)

ਨਵੀਂ ਦਿੱਲੀ– 2020 ਵਿਚ ਜਦੋਂ ਦੁਨੀਆ ਕੋਰੋਨਾ ਨਾਲ ਮੁਕਾਬਲਾ ਕਰ ਰਹੀ ਸੀ ਤਾਂ ਪੂਰੇ ਦੇਸ਼ ਵਿਚ 1.53 ਲੱਖ ਤੋਂ ਵੱਧ ਲੋਕਾਂ ਨੇ ਖੁਦਕੁਸ਼ੀ ਕੀਤੀ। ਸਭ ਤੋਂ ਵੱਧ ਖੁਦਕੁਸ਼ੀ ਦੇ ਮਾਮਲੇ ਮਹਾਰਾਸ਼ਟਰ ਤੋਂ ਆਏ ਜੋ 13 ਫੀਸਦੀ ਸਨ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਸੂਬੇ ਵਿਚ ਖੁਦਕੁਸ਼ੀ ਕਰਨ ਵਾਲਿਆਂ ਵਿਚੋਂ ਹਰ 5ਵਾਂ ਵਿਅਕਤੀ ਖੇਤੀਬਾੜੀ ’ਤੇ ਨਿਰਭਰ ਸੀ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਾਜ਼ਾ ਅੰਕੜਿਆਂ ਮੁਤਾਬਕ ਪੂਰੇ ਦੇਸ਼ ਵਿਚ ਖੁਦਕੁਸ਼ੀ ਕਰਨ ਵਾਲੇ ਕੁੱਲ 1,53,052 ਲੋਕਾਂ ਵਿਚੋਂ 10,677 ਖੇਤੀਬਾੜੀ ਨਾਲ ਜੁੜੇ ਹੋਏ ਸਨ। ਇਹ ਗਿਣਤੀ 7 ਫੀਸਦੀ ਬਣਦੀ ਹੈ।

ਮਹਾਰਾਸ਼ਟਰ ਵਿਚ ਕੁੱਲ 19,909 ਵਿਅਕਤੀਆਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ਵਿਚੋਂ ਹਰ 5ਵਾਂ ਵਿਅਕਤੀ ਕਿਸਾਨ ਸੀ। ਖੁਦਕੁਸ਼ੀ ਕਰਨ ਵਾਲਿਆਂ ਵਿਚ ਖੇਤੀਬਾੜੀ ਤੋਂ ਰੋਜ਼ੀ-ਰੋਟੀ ਹਾਸਲ ਕਰ ਰਹੇ ਸਭ ਤੋਂ ਵੱਧ 4006 ਵਿਅਕਤੀ ਮਹਾਰਾਸ਼ਟਰ ਦੇ ਸਨ, ਜਿਨ੍ਹਾਂ ਵਿਚੋਂ 2324 ਆਪਣੀ ਜ਼ਮੀਨ ’ਤੇ ਖੇਤੀਬਾੜੀ ਕਰ ਰਹੇ ਸਨ। ਬਾਕੀ ਵਿਚੋਂ 243 ਭੂਮੀਹੀਣ ਕਿਸਾਨ ਅਤੇ 1439 ਖੇਤੀਬਾੜੀ ਮਜ਼ਦੂਰ ਸਨ। ਕੋਰੋਨਾ ਦੇ ਸਮੇਂ ਵਿਚ ਸੂਬੇ ਵਿਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਿਚ 2019 ਦੇ 3927 ਦੇ ਮੁਕਾਬਲੇ 2 ਫੀਸਦੀ ਦਾ ਵਾਧਾ ਹੋਇਆ। ਕੌਮੀ ਪੱਧਰ ’ਤੇ ਇਸ ਅੰਕੜੇ ਵਿਚ 4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਮਹਾਰਾਸ਼ਟਰ ਵਿਚ ਖੁਦਕੁਸ਼ੀ ਕਰਨ ਵਾਲਿਆਂ ਵਿਚ 15,433 ਮਰਦ, 4472 ਔਰਤਾਂ ਅਤੇ 4 ਟਰਾਂਸਜ਼ੈਂਡਰ ਸਨ। 6539 ਵਿਅਕਤੀਆਂ ਨੇ ਪਰਿਵਾਰਕ ਸਮੱਸਿਆਵਾਂ ਕਾਰਨ ਖੁਦਕੁਸ਼ੀ ਕੀਤੀ। ਬੀਮਾਰੀ ਕਾਰਨ 3684 ਵਿਅਕਤੀਆਂ ਨੇ ਖੁਦਕੁਸ਼ੀ ਕੀਤੀ। ਖੁਦਕੁਸ਼ੀ ਕਰਨ ਵਾਲਿਆਂ ਵਿਚੋਂ ਕੁੱਲ 15,652 ਬੇਰੋਜ਼ਗਾਰ ਸਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 1843 ਮਹਾਰਾਸ਼ਟਰ ਦੇ ਸਨ। ਉਸ ਪਿੱਛੋਂ 1779 ਮਾਮਲੇ ਕੇਰਲ ਵਿਚ ਦਰਜ ਕੀਤੇ ਗਏ। ਇਹ ਦੇਸ਼ ਦਾ ਸਭ ਤੋਂ ਵੱਧ ਸਾਖਰਤਾ ਵਾਲਾ ਸੂਬਾ ਹੈ। ਤਾਮਿਲਨਾਡੂ ਵਿਚ 1566, ਓਡਿਸ਼ਾ ਵਿਚ 1398 ਅਤੇ ਕਰਨਾਟਕ ਵਿਚ 1350 ਮਾਮਲੇ ਧਿਆਨ ਵਿਚ ਆਏ।

ਖੁਦਕੁਸ਼ੀ ਕਰਨ ਵਾਲਿਆਂ ਵਿਚ 2057 ਸਰਕਾਰੀ ਮੁਲਾਜ਼ਮ ਸਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 299 ਮਹਾਰਾਸ਼ਟਰ ਦੇ ਸਨ। ਇਸ ਪਿੱਛੋਂ 269 ਤਾਮਿਲਨਾਡੂ, 181 ਕਰਨਾਟਕ ਅਤੇ ਮੱਧ ਪ੍ਰਦੇਸ਼ ਦੇ ਸਨ। ਰਾਜਸਥਾਨ ਵਿਚ 112 ਸਰਕਾਰੀ ਮੁਲਾਜ਼ਮਾਂ ਨੇ ਆਪਣੀ ਜੀਵਨਲੀਲਾ ਖਤਮ ਕੀਤੀ। 2020 ਵਿਚ ਕੁੱਲ 12,526 ਵਿਦਿਆਰਥੀਆਂ ਨੇ ਵੀ ਖੁਦਕੁਸ਼ੀ ਕੀਤੀ। ਇਥੇ ਵੀ ਸਭ ਤੋਂ ਵੱਧ 1648 ਵਿਦਿਆਰਥੀ ਮਹਾਰਾਸ਼ਟਰ ਨਾਲ ਸਬੰਧਤ ਸਨ। ਇਸ ਪਿੱਛੋਂ ਓਡਿਸ਼ਾ ਵਿਚ 1469, ਮੱਧ ਪ੍ਰਦੇਸ਼ ਵਿਚ 1158, ਤਾਮਿਲਨਾਡੂ ਵਿਚ 930 ਅਤੇ ਝਾਰਖੰਡ ਵਿਚ 704 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ।

ਮਹਾਰਾਸ਼ਟਰ ਵਿਚ 134 ਵਿਅਕਤੀਆਂ ਨੇ ਕਰਜ਼ੇ ਵਿਚ ਡੁੱਬੇ ਹੋਣ ਕਾਰਨ ਆਪਣੀ ਜੀਵਨਲੀਲਾ ਖਤਮ ਕੀਤੀ। 730 ਨੇ ਵਿਆਹ ਨਾਲ ਸਬੰਧਤ ਸਮੱਸਿਆਵਾਂ ਅਤੇ 365 ਨੇ ਵਿਆਹ ਵਿਚ ਸਮਝੌਤਾ ਨਾ ਕਰਨ ਕਾਰਨ ਖੁਦਕੁਸ਼ੀ ਕੀਤੀ। 80 ਔਰਤਾਂ ਸਮੇਤ 90 ਵਿਅਕਤੀਆਂ ਨੇ ਦਾਜ ਕਾਰਨ ਆਪਣੀ ਜੀਵਨਲੀਲਾ ਖਤਮ ਕੀਤੀ। ਇਸਦੇ ਨਾਲ ਹੀ 104 ਵਿਅਕਤੀਆਂ ਨੇ ਵਿਆਹ ਤੋਂ ਬਾਅਦ ਦੇ ਸਬੰਧਾਂ ਕਾਰਨ ਖੁਦਕੁਸ਼ੀ ਕੀਤੀ। ਤਲਾਕ ਕਾਰਨ ਵੀ 61 ਲੋਕਾਂ ਨੇ ਖੁਦਕੁਸ਼ੀ ਦਾ ਰਾਹ ਚੁਣਿਆ। ਸੂਬੇ ਵਿਚ ਕੁੱਲ 3684 ਵਿਅਕਤੀਆਂ ਨੇ ਬੀਮਾਰੀ ਤੋਂ ਤੰਗ ਆ ਕੇ ਆਪਣੀ ਜਾਨ ਲਈ। ਇਨ੍ਹਾਂ ਵਿਚੋਂ 303 ਕੈਂਸਰ, 208 ਪੈਰਾਲਾਇਸਿਸ ਅਤੇ 1322 ਦਿਮਾਗੀ ਬੀਮਾਰੀ ਕਾਰਨ ਪ੍ਰੇਸ਼ਾਨ ਸਨ। 2479 ਵਿਅਕਤੀਆਂ ਦੀ ਮੌਤ ਨਸ਼ੇ ਕਾਰਨ ਹੋਈ।


Rakesh

Content Editor

Related News