ਮਹਿੰਗਾ ਹੋਇਆ ਅਯੁੱਧਿਆ ਧਾਮ, ਹੋਟਲਾਂ-ਫਲਾਈਟਾਂ ਦਾ ਵਧਿਆ ਕਿਰਾਇਆ

Saturday, Jan 20, 2024 - 11:15 PM (IST)

ਮਹਿੰਗਾ ਹੋਇਆ ਅਯੁੱਧਿਆ ਧਾਮ, ਹੋਟਲਾਂ-ਫਲਾਈਟਾਂ ਦਾ ਵਧਿਆ ਕਿਰਾਇਆ

ਅਯੁੱਧਿਆ - ਅਯੁੱਧਿਆ ਰਾਮਲੱਲਾ ਦੇ ਸਵਾਗਤ ਲਈ ਤਿਆਰ ਹੈ। ਰਾਮ ਭਗਤਾਂ ਦਾ ਅਯੁੱਧਿਆ ਪੁੱਜਣਾ ਜਾਰੀ ਹੈ। ਹੁਣ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਹੋਣ 'ਚ ਕੁਝ ਹੀ ਘੰਟੇ ਬਚੇ ਹਨ। ਭਾਰਤ 22 ਜਨਵਰੀ ਨੂੰ ਇਤਿਹਾਸ ਰਚਣ ਦੀ ਕਗਾਰ 'ਤੇ ਹੈ। ਹਰ ਕੋਈ ਇਸ ਇਤਿਹਾਸਕ ਪਲ ਦਾ ਗਵਾਹ ਬਣਨਾ ਚਾਹੁੰਦਾ ਹੈ। ਜਿਸ ਕਾਰਨ ਅਯੁੱਧਿਆ ਧਾਮ ਜਾਣ ਵਾਲੀਆਂ ਫਲਾਈਟਾਂ, ਟਰੇਨਾਂ ਅਤੇ ਬੱਸਾਂ ਦੀ ਮੰਗ ਕਾਫੀ ਵੱਧ ਰਹੀ ਹੈ। ਉਥੇ ਰਹਿਣ ਲਈ ਹੋਟਲ, ਗੈਸਟ ਹਾਊਸ ਅਤੇ ਧਰਮਸ਼ਾਲਾ ਆਦਿ ਵੀ ਭਰੇ ਜਾ ਰਹੇ ਹਨ। ਇਨ੍ਹਾਂ ਸਭ ਦਾ ਕਿਰਾਇਆ ਦੁੱਗਣਾ ਤੋਂ ਤਿੰਨ ਗੁਣਾ ਹੋ ਰਿਹਾ ਹੈ।

ਹਾਲਾਂਕਿ 20 ਜਨਵਰੀ ਤੋਂ ਅਯੁੱਧਿਆ 'ਚ ਬਾਹਰੀ ਲੋਕਾਂ ਦੀ ਐਂਟ੍ਰੀ 'ਤੇ ਰੋਕ ਲਗਾ ਦਿੱਤੀ ਗਈ ਹੈ। ਮੰਦਰ ਦੇ ਪਾਵਨ ਅਸਥਾਨ ਨੂੰ ਦੇਸ਼ ਦੀਆਂ ਵੱਖ-ਵੱਖ ਨਦੀਆਂ ਤੋਂ ਲਿਆਂਦੇ ਪਾਣੀ ਨਾਲ ਪਵਿੱਤਰ ਕੀਤਾ ਗਿਆ ਹੈ। ਰਾਮ ਦੀ ਭਗਤੀ 'ਚ ਲੀਨ ਲੋਕਾਂ ਕਾਰਨ ਅਯੁੱਧਿਆ ਸ਼ਹਿਰ ਦੇ ਨਾਲ ਲੱਗਦੇ ਸ਼ਹਿਰਾਂ 'ਚ ਵੀ ਇਨ੍ਹਾਂ ਦੀ ਬੁਕਿੰਗ ਵਧ ਗਈ ਹੈ। ਅਯੁੱਧਿਆ 'ਚ ਇਨ੍ਹਾਂ ਸਭ ਦੀ ਪੂਰੀ ਬੁਕਿੰਗ ਅਤੇ ਕੀਮਤਾਂ 'ਚ ਭਾਰੀ ਵਾਧੇ ਕਾਰਨ ਲੋਕ ਰਹਿਣ ਲਈ ਨੇੜਲੇ ਸ਼ਹਿਰਾਂ 'ਚ ਹੋਟਲ, ਗੈਸਟ ਹਾਊਸ ਅਤੇ ਹੋਮ ਸਟੇਅ ਦੀ ਭਾਲ ਕਰ ਰਹੇ ਹਨ।

ਇਹ ਵੀ ਪੜ੍ਹੋ : ਇਸ ਮੁਸਲਿਮ ਵਿਅਕਤੀ ਨੇ ਪੇਸ਼ ਕੀਤੀ ਮਿਸਾਲ, ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸਰਹੱਦ ਪਾਰ ਤੋਂ ਭੇਜਿਆ ਪਵਿੱਤਰ ਜਲ

ਹੋਟਲਾਂ ਦੇ 'ਨਾਈਟ ਸਟੇਅ' 'ਚ ਬੰਪਰ ਵਾਧਾ
ਅਯੁੱਧਿਆ 'ਚ 20 ਤੋਂ 23 ਜਨਵਰੀ ਦਰਮਿਆਨ ਇੱਕ ਰਾਤ ਠਹਿਰਨ ਲਈ ਇੱਕ ਕਮਰੇ ਦੀ ਔਸਤ ਕੀਮਤ 9,000 ਰੁਪਏ ਤੱਕ ਪਹੁੰਚ ਗਈ ਹੈ। ਹੋਮ ਸਟੇਅ ਅਤੇ ਹੋਟਲ ਦੀਆਂ ਕੀਮਤਾਂ 4 ਹਜ਼ਾਰ ਰੁਪਏ ਤੋਂ ਲੈ ਕੇ 19 ਹਜ਼ਾਰ ਰੁਪਏ ਤੱਕ ਹਨ। ਹੋਟਲ ਨੀਲਕੰਠ 'ਚ ਇੱਕ ਰਾਤ ਠਹਿਰਣ ਦੀ ਕੀਮਤ 23 ਹਜ਼ਾਰ ਰੁਪਏ ਤੋਂ ਉੱਪਰ ਪਹੁੰਚ ਗਈ ਹੈ। ਸ਼੍ਰੀਰਾਮ ਰੈਜ਼ੀਡੈਂਸੀ 'ਚ 12 ਹਜ਼ਾਰ ਰੁਪਏ ਤੋਂ ਵੱਧ, ਹੋਟਲ ਹਨੂੰਮਾਨ ਜੀ 'ਚ ਰਾਤ ਦੇ ਠਹਿਰਨ ਦੀ ਕੀਮਤ 17000 ਰੁਪਏ ਹੈ। ਅਯੁੱਧਿਆ ਮੰਦਰ ਤੋਂ ਹੋਟਲ ਹਨੂੰਮਾਨ ਜੀ ਦੀ ਦੂਰੀ ਸਿਰਫ 1.9 ਕਿਲੋਮੀਟਰ ਹੈ।'ਰਾਮਾਲਿਆਮ' 'ਚ ਇਕ ਰਾਤ ਠਹਿਰਣ ਦੀ ਕੀਮਤ 7776 ਰੁਪਏ ਰੱਖੀ ਗਈ।

ਇਸ ਤੋਂ ਇਲਾਵਾ ਅਯੁੱਧਿਆ ਪਹੁੰਚਣ ਲਈ ਫਲਾਈਟਾਂ ਅਤੇ ਟਰੇਨਾਂ ਦੀ ਮੰਗ ਵੀ ਵਧ ਗਈ ਹੈ। 20 ਜਨਵਰੀ ਨੂੰ ਦਿੱਲੀ ਤੋਂ ਅਯੁੱਧਿਆ ਜਾਣ ਵਾਲੀ ਫਲਾਈਟ ਦੀਆਂ ਟਿਕਟਾਂ ਦੇ ਰੇਟ ਵੀ ਵਧ ਗਏ ਹਨ। ਮੇਕ ਮਾਈ ਟ੍ਰਿਪ ਵੈੱਬਸਾਈਟ ਮੁਤਾਬਕ, 20 ਜਨਵਰੀ ਨੂੰ ਨਵੀਂ ਦਿੱਲੀ ਤੋਂ ਅਯੁੱਧਿਆ ਲਈ ਪ੍ਰਤੀ ਟਿਕਟ ਦੀ ਕੀਮਤ 15,193 ਰੁਪਏ ਦੱਸੀ ਜਾ ਰਹੀ ਹੈ। 20 ਜਨਵਰੀ ਲਈ ਕੋਈ ਫਲਾਈਟ ਬੁਕਿੰਗ ਬਾਕੀ ਨਹੀਂ ਹੈ। 21 ਅਤੇ 22 ਜਨਵਰੀ ਦੀਆਂ ਬੁਕਿੰਗਾਂ ਦਿਖਾਈਆਂ ਗਈਆਂ ਹਨ। ਜਿਸ ਵਿੱਚ ਸਪਾਈਸ ਜੈੱਟ ਅਤੇ ਇੰਡੀਗੋ ਏਅਰਲਾਈਨਜ਼ ਦੀਆਂ ਉਡਾਣਾਂ ਹਨ। ਏਅਰ ਇੰਡੀਆ ਐਕਸਪ੍ਰੈਸ ਦੀ ਟਿਕਟ 15,194 ਰੁਪਏ ਦਿਖਾਈ ਗਈ ਹੈ।

ਇਹ ਵੀ ਪੜ੍ਹੋ : ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਹਿਊਸਟਨ 'ਚ ਭਾਰਤੀਆਂ ਨੇ 'ਟੇਸਲਾ ਲਾਈਟ ਸ਼ੋਅ' ਦਾ ਕੀਤਾ ਆਯੋਜਨ

ਇਨ੍ਹਾਂ ਉਡਾਣਾਂ ਦੇ ਕਿਰਾਏ 'ਚ ਭਾਰੀ ਉਛਾਲ
21 ਜਨਵਰੀ ਲਈ ਸਪਾਈਸ ਜੈੱਟ ਦੀਆਂ ਟਿਕਟਾਂ 7,268 ਰੁਪਏ 'ਚ, ਇੰਡੀਗੋ ਏਅਰਲਾਈਨਜ਼ ਦੀ ਦੁਪਹਿਰ 12.45 ਵਜੇ ਦੀਆਂ ਟਿਕਟਾਂ 15,193 ਰੁਪਏ 'ਚ ਅਤੇ ਦੁਪਹਿਰ 2.10 ਵਜੇ ਦੀਆਂ ਟਿਕਟਾਂ 11,830 ਰੁਪਏ 'ਚ ਉਪਲਬਧ ਹਨ। ਇਸੇ ਤਰ੍ਹਾਂ, ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨ 'ਚ ਟਿਕਟ ਦੀ ਉਪਲੱਬਧਤਾ 22 ਜਨਵਰੀ ਲਈ ਹੈ। ਇਸ ਦਿਨ ਲਈ ਟਿਕਟ ਦੀ ਕੀਮਤ 6,263 ਰੁਪਏ ਰੱਖੀ ਗਈ ਹੈ।

ਇਸ ਦੇ ਨਾਲ ਹੀ ਅਹਿਮਦਾਬਾਦ ਤੋਂ ਅਯੁੱਧਿਆ ਅਤੇ ਮੁੰਬਈ ਤੋਂ ਅਯੁੱਧਿਆ ਜਾਣ ਵਾਲੀਆਂ ਉਡਾਣਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। 20 ਜਨਵਰੀ ਲਈ, ਮੁੰਬਈ ਤੋਂ ਅਯੁੱਧਿਆ ਲਈ ਏਅਰ ਇੰਡੀਆ ਐਕਸਪ੍ਰੈਸ ਦਾ ਕਿਰਾਇਆ 23,161 ਰੁਪਏ, ਵਿਸਤਾਰਾ ਅਤੇ ਇੰਡੀਗੋ ਦੀ ਉਡਾਣ ਦਾ ਕਿਰਾਇਆ 24,238 ਰੁਪਏ ਹੈ। ਵਿਸਤਾਰਾ ਅਤੇ ਸਪਾਈਸ ਜੈੱਟ ਦੀ ਵੱਖਰੀ ਉਡਾਣ ਦਾ ਕਿਰਾਇਆ ਵੀ 20,412 ਰੁਪਏ ਹੈ।

ਅਹਿਮਦਾਬਾਦ ਤੋਂ ਅਯੁੱਧਿਆ ਤੱਕ ਦੇ ਹਵਾਈ ਕਿਰਾਏ ਨੇ ਰਿਕਾਰਡ ਤੋੜ ਦਿੱਤਾ ਹੈ। 20 ਜਨਵਰੀ ਨੂੰ ਇੰਡੀਗੋ ਅਤੇ ਸਪਾਈਸ ਜੈੱਟ ਦੀਆਂ ਉਡਾਣਾਂ ਦਾ ਇਕ ਤਰਫਾ ਕਿਰਾਇਆ 31,045 ਰੁਪਏ ਹੈ। ਇਸ ਦੇ ਨਾਲ ਹੀ 21 ਜਨਵਰੀ ਲਈ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦਾ ਕਿਰਾਇਆ 16,738 ਰੁਪਏ ਅਤੇ ਇੰਡੀਗੋ ਦਾ ਕਿਰਾਇਆ 13,528 ਰੁਪਏ ਹੈ।

ਇਹ ਵੀ ਪੜ੍ਹੋ : ਲਖਨਊ 'ਚ 18 ਮਾਰਚ ਤੱਕ ਧਾਰਾ 144 ਲਾਗੂ, ਹੁਕਮ ਜਾਰੀ

ਟਰੇਨਾਂ 'ਚ ਯਾਤਰੀਆਂ ਦੀ ਵਧੀ ਮੰਗ
'ਮੇਕ ਮਾਈ ਟ੍ਰਿਪ' ਵੈੱਬਸਾਈਟ ਮੁਤਾਬਕ ਟਰੇਨਾਂ 'ਚ ਵੀ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇਸ ਕਾਰਨ ਖਾਸ ਕਰਕੇ ਸਲੀਪਰ ਕੋਚਾਂ 'ਚ ਸੀਟਾਂ ਦੀ ਉਪਲੱਬਧਤਾ ਨਹੀਂ ਹੈ। ਅਯੁੱਧਿਆ ਜਾਣ ਵਾਲੀਆਂ ਟਰੇਨਾਂ 'ਚ ਅੰਮ੍ਰਿਤਸਰ-ਕਟਿਹਾਰ ਐਕਸਪ੍ਰੈਸ, ਪੋਰਬੰਦਰ-ਮੁਜ਼ੱਫਰਪੁਰ ਐਕਸਪ੍ਰੈਸ, ਸੁਹੇਲਦੇਵ ਐਕਸਪ੍ਰੈਸ, ਗੋਰਖਧਾਮ ਐਕਸਪ੍ਰੈਸ, ਵੈਸ਼ਾਲੀ ਐਕਸਪ੍ਰੈਸ, ਚੰਪਾਰਨ ਸੱਤਿਆਗ੍ਰਹਿ ਐਕਸਪ੍ਰੈਸ, ਫਰੱਕਾ ਐਕਸਪ੍ਰੈਸ, ਸੁਲਤਾਨਪੁਰ ਐਕਸਪ੍ਰੈਸ, ਗੋਰਖਪੁਰ ਐਕਸਪ੍ਰੈਸ, ਆਨੰਦ ਵਿਹਾਰ ਮਊ ਸੁਪਰਫਾਸਟ ਐਕਸਪ੍ਰੈਸ, ਅਵਧ ਅਸਾਮ ਐਕਸਪ੍ਰੈਸ, ਸ਼੍ਰਮਜੀਵੀ ਐਕਸਪ੍ਰੈਸ, ਵੰਦੇ ਭਾਰਤ ਐਕਸਪ੍ਰੈਸ ਆਦਿ 'ਚ ਯਾਤਰੀਆਂ ਦੀ ਮੰਗ ਬਹੁਤ ਵਧ ਗਈ ਹੈ। ਕਈ ਟਰੇਨਾਂ 'ਚ ਵੱਖ-ਵੱਖ ਸ਼੍ਰੇਣੀਆਂ ਦੀਆਂ ਟਿਕਟਾਂ ਦੀ ਵੇਟਿੰਗ ਚੱਲ ਰਹੀ ਹੈ। ਰੇਲਵੇ ਵੱਲੋਂ 21, 22 ਅਤੇ 23 ਜਨਵਰੀ ਨੂੰ ਵੱਖ-ਵੱਖ ਕਾਰਨਾਂ ਕਰਕੇ ਕਈ ਟਰੇਨਾਂ ਵੀ ਰੱਦ ਕੀਤੀਆਂ ਗਈਆਂ ਸਨ।

22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਹੋਣਗੇ ਦਰਸ਼ਨ
ਦੱਸਿਆ ਜਾ ਰਿਹਾ ਹੈ ਕਿ ਅੱਜ ਅਤੇ ਕੱਲ੍ਹ ਅਯੁੱਧਿਆ 'ਚ ਰਾਮਲੱਲਾ ਦੇ ਦਰਸ਼ਨ ਨਹੀਂ ਹੋਣਗੇ। ਰਾਮ ਮੰਦਰ ਦੇ ਦਰਸ਼ਨ ਅੱਜ (20 ਜਨਵਰੀ) ਤੋਂ ਰੋਕ ਦਿੱਤੇ ਗਏ ਹਨ। ਹੁਣ 22 ਜਨਵਰੀ ਨੂੰ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ ਹੀ ਦਰਸ਼ਨ ਹੋ ਸਕਣਗੇ। ਮੰਦਰ ਨੂੰ ਫੁੱਲਾਂ ਅਤੇ ਆਕਰਸ਼ਕ ਲਾਈਟਾਂ ਨਾਲ ਸਜਾਇਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Inder Prajapati

Content Editor

Related News