ਦਿੱਲੀ-NCR ''ਚ IT ਦੇ ਤਾਬੜਤੋੜ ਛਾਪੇ, 1000 ਕਰੋੜ ਦਾ ਹਵਾਲਾ ਕਾਰੋਬਾਰ, ਘੇਰੇ ''ਚ ਚੀਨੀ ਨਾਗਰਿਕ
Wednesday, Aug 12, 2020 - 12:17 AM (IST)
ਨਵੀਂ ਦਿੱਲੀ - ਇਨਕਮ ਟੈਕਸ ਵਿਭਾਗ ਨੇ ਕੁੱਝ ਚੀਨੀ ਨਾਗਰਿਕਾਂ ਅਤੇ ਉਨ੍ਹਾਂ ਦੇ ਭਾਰਤੀ ਸਾਥੀਆਂ ਖਿਲਾਫ ਛਾਪੇਮਾਰੀ ਕੀਤੀ ਹੈ, ਜਿਸ 'ਚ 1000 ਕਰੋੜ ਰੁਪਏ ਤੋਂ ਜ਼ਿਆਦਾ ਦੇ ਹਵਾਲਾ ਟ੍ਰਾਂਜੈਕਸ਼ਨ ਦਾ ਪਤਾ ਲੱਗਾ ਹੈ। ਖੁਫੀਆ ਜਾਣਕਾਰੀ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੇ ਦਿੱਲੀ-ਐੱਨ.ਸੀ.ਆਰ. 'ਚ ਤਾਬੜਤੋੜ ਛਾਪੇ ਮਾਰੇ।
ਮਿਲ ਰਹੀ ਜਾਣਕਾਰੀ ਮੁਤਾਬਕ ਸ਼ੈੱਲ ਕੰਪਨੀਆਂ ਦੇ ਜ਼ਰੀਏ ਮਨੀ ਲਾਂਡਰਿੰਗ ਹੋ ਰਹੀ ਸੀ। ਇਸ ਰੈਕੇਟ 'ਚ ਕਈ ਚੀਨੀ ਨਾਗਰਿਕ, ਉਨ੍ਹਾਂ ਦੇ ਭਾਰਤੀ ਸਾਥੀ ਅਤੇ ਬੈਂਕ ਕਰਮਚਾਰੀ ਸ਼ਾਮਲ ਸਨ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਜ (CBDT) ਨੇ ਮੰਗਲਵਾਰ ਦੀ ਸ਼ਾਮ ਨੂੰ ਇਹ ਜਾਣਕਾਰੀ ਦਿੱਤੀ।
21 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
ਇਨਕਮ ਟੈਕਸ ਵਿਭਾਗ ਨੇ ਦਿੱਲੀ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਦੇ 21 ਟਿਕਾਣਿਆਂ 'ਤੇ ਛਾਪੇਮਾਰੀ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਸੀ.ਬੀ.ਡੀ.ਟੀ. ਨੇ ਕੰਪਨੀਆਂ ਦਾ ਨਾਮ ਅਜੇ ਜਨਤਕ ਨਹੀਂ ਕੀਤਾ ਹੈ। ਸੀ.ਬੀ.ਡੀ.ਟੀ. ਨੇ ਕਿਹਾ ਕਿ ਛਾਪੇਮਾਰੀ 'ਚ ਹਵਾਲਾ ਲੈਣ-ਦੇਣ ਅਤੇ ਮਨੀ ਲਾਂਡਰਿੰਗ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
ਛਾਪੇਮਾਰੀ 'ਚ ਮਿਲੇ ਅਹਿਮ ਸਬੂਤ
ਦਰਅਸਲ, ਸ਼ੁਰੂਆਤੀ ਜਾਂਚ 'ਚ 300 ਕਰੋੜ ਰੁਪਏ ਦੇ ਹਵਾਲਾ ਕਾਰੇਬਾਰ ਦਾ ਪਤਾ ਲੱਗਾ ਪਰ ਇਹ ਗਿਣਤੀ 1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ। ਯਾਨੀ ਇਸ ਜਾਂਚ 'ਚ ਅੱਗੇ ਕਈ ਵੱਡੇ ਖੁਲਾਸੇ ਹੋਣੇ ਹਨ। ਇਨਕਮ ਟੈਕਸ ਵਿਭਾਗ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਚੀਨੀ ਨਾਗਰਿਕਾਂ ਦੇ ਆਦੇਸ਼ 'ਤੇ ਫਰਜ਼ੀ ਕੰਪਨੀਆਂ ਦੇ 40 ਤੋਂ ਜ਼ਿਆਦਾ ਬੈਂਕ ਅਕਾਉਂਟਸ 'ਚ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਜਮਾਂ ਕਰਵਾਈ ਗਈ ਸੀ।