ਦਿੱਲੀ ਕੂਚ ਦੀ ਵੱਡੀ ਤਿਆਰੀ, ਅੱਜ ਪੰਜਾਬ ਅਤੇ ਹਰਿਆਣਾ ਤੋਂ ਰਵਾਨਾ ਹੋਣਗੇ ਟਰੈਕਟਰ
Wednesday, Dec 02, 2020 - 03:13 AM (IST)
ਚੰਡੀਗੜ੍ਹ - ਸਰਕਾਰ ਨਾਲ ਗੱਲਬਾਤ ਪ੍ਰਸਤਾਵ ਤੋਂ ਬਾਅਦ ਵੀ 6 ਦਿਨਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਰੁੱਕਦਾ ਨਜ਼ਰ ਨਹੀਂ ਆ ਰਿਹਾ ਹੈ। ਇੱਕ ਪਾਸੇ ਪੰਜਾਬ ਦੇ ਖੇਡ ਜਗਤ ਦੇ ਮਸ਼ਹੂਰ ਸਿਤਾਰੇ ਕਿਸਾਨਾਂ ਦੇ ਸਮਰਥਨ 'ਚ ਆ ਗਏ ਹਨ ਤਾਂ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਤੋਂ ਹੋਰ ਕਿਸਾਨ ਦਿੱਲੀ ਆਉਣ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਵੱਲੋਂ ਜਾਮ ਕੀਤੀ ਗਈ ਦਿੱਲੀ ਦੀਆਂ ਸੜਕਾਂ 'ਤੇ ਕਿਸਾਨਾਂ ਦੀ ਤਾਦਾਦ ਵਧਣ ਵਾਲੀ ਹੈ, ਜਿਸ ਦੇ ਨਾਲ ਦਿੱਲੀ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਜਾਣਗੀਆਂ।
ਇਕੱਠਾ ਕੀਤਾ ਜਾ ਰਿਹਾ ਹੈ ਰਾਸ਼ਨ, ਦਵਾਈਆਂ
ਦਰਅਸਲ, ਪੰਜਾਬ ਅਤੇ ਹਰਿਆਣਾ ਦੀਆਂ ਪੰਚਾਇਤਾਂ ਦੀ ਅਪੀਲ 'ਤੇ ਅਣ-ਗਿਣਤ ਕਿਸਾਨ ਲੋਕਾਂ ਤੋਂ ਰਾਸ਼ਨ, ਦਵਾਈਆਂ ਅਤੇ ਜ਼ਰੂਰਤ ਦੇ ਹੋਰ ਸਾਮਾਨ ਇਕੱਠਾ ਕਰ ਰਹੇ ਹਨ। ਇਨ੍ਹਾਂ ਸਾਮਾਨਾਂ ਨੂੰ ਟਰੈਕਟਰਾਂ 'ਤੇ ਲੱਦਿਆ ਜਾ ਰਿਹਾ ਹੈ ਜੋ ਬੁੱਧਵਾਰ ਤੋਂ ਦਿੱਲੀ ਲਈ ਰਵਾਨਾ ਹੋਣਗੇ।
ਜ਼ਿਕਰਯੋਗ ਹੈ ਕਿ ਪੰਚਾਇਤਾਂ ਨੇ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਹਰ ਇੱਕ ਪਰਿਵਾਰ ਤੋਂ ਘੱਟ ਤੋਂ ਘੱਟ ਇੱਕ ਮੈਂਬਰ ਦਿੱਲੀ ਭੇਜਿਆ ਜਾਵੇ ਤਾਂ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਹੌਸਲਾ ਵਧਾਇਆ ਜਾ ਸਕੇ।
ਕਿਸਾਨਾਂ ਦੇ ਸਮਰਥਨ 'ਚ ਸਪੋਰਟਸ ਸਟਾਰ
ਪੰਜਾਬ ਦੇ ਕਈ ਮਸ਼ਹੂਰ ਖਿਡਾਰੀ ਵੀ ਕਿਸਾਨਾਂ ਦੇ ਸਮਰਥਨ 'ਚ ਆ ਗਏ ਹਨ। ਜਲੰਧਰ ਦੇ ਦਰਜਨ ਭਰ ਸਨਮਾਨਿਤ ਅਤੇ ਸੀਨੀਅਰ ਖਿਡਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 5 ਦਿਨਾਂ ਦੇ ਅੰਦਰ ਖੇਤੀਬਾੜੀ ਕਾਨੂੰਨ ਰੱਦ ਨਹੀਂ ਕੀਤੇ ਗਏ ਤਾਂ ਉਹ ਵਿਰੋਧ ਸਵਰੂਪ ਆਪਣੇ ਮੈਡਲ ਅਤੇ ਸਨਮਾਨ ਵਾਪਸ ਕਰ ਦੇਣਗੇ। ਪੰਜਾਬੀ ਫਿਲਮ ਜਗਤ ਦੇ ਕਈ ਸਿਤਾਰੇ ਜਿਨ੍ਹਾਂ 'ਚ ਕਲਾਕਾਰ, ਲੇਖਕ, ਗਾਇਕ ਅਤੇ ਸੰਗੀਤਕਾਰ ਸ਼ਾਮਲ ਹਨ, ਪਹਿਲਾਂ ਹੀ ਕਿਸਾਨਾਂ ਨਾਲ ਮੋਡੇ ਨਾਲ ਮੋਢਾ ਮਿਲਾ ਕੇ ਪ੍ਰਦਰਸ਼ਨ 'ਚ ਸ਼ਾਮਲ ਹੋ ਰਹੇ ਹਨ।
ਹਰਿਆਣਾ ਦੇ ਆੜ੍ਹਤੀਆਂ ਨੇ ਵੀ ਕੀਤਾ ਪ੍ਰਦਰਸ਼ਨ
ਮੰਗਲਵਾਰ ਨੂੰ ਹਰਿਆਣਾ ਦੇ ਆੜ੍ਹਤੀਆਂ ਨੇ ਦਿੱਲੀ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਇੱਕ ਦਿਨ ਦੀ ਸੰਕੇਤਕ ਹੜਤਾਲ ਕੀਤੀ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਕੇਂਦਰ ਤੋਂ ਲਿਆਏ ਗਏ ਖੇਤੀਬਾੜੀ ਕਾਨੂੰਨ 'ਚ ਆੜ੍ਹਤੀਆਂ ਦੀ ਭੂਮਿਕਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਪੰਜਾਬ ਦੇ ਕਿਸਾਨ ਅਤੇ ਰਾਜਨੇਤਾ ਇਨ੍ਹਾਂ ਆੜ੍ਹਤੀਆਂ ਦੇ ਸਮਰਥਨ 'ਚ ਵੀ ਆਵਾਜ਼ ਉਠਾ ਰਹੇ ਹਨ।
ਕਿਸਾਨਾਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਨੇ ਬਿਚੌਲੀਆਂ ਦਾ ਅਸਤੀਤਵ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਕਿਉਂਕਿ ਉਨ੍ਹਾਂ ਦੇ ਪੇਸ਼ੇ ਦੀ ਆਰਥਿਕ ਤਰਲਤਾ (ਲਿਕਵਿਡਿਟੀ) ਇਨ੍ਹਾਂ ਆੜ੍ਹਤੀਆਂ ਜਾਂ ਬਿਚੌਲੀਆਂ 'ਤੇ ਨਿਰਭਰ ਕਰਦੀ ਹੈ।
ਜ਼ਿਕਰਯੋਗ ਹੈ ਕਿ ਕਿਸਾਨ ਫਸਲ ਕੱਟਣ ਤੱਕ ਆਪਣਾ ਖ਼ਰਚਾ ਚਲਾਉਣ ਲਈ ਆੜ੍ਹਤੀਆਂ ਤੋਂ ਕਰਜ਼ ਲੈਂਦੇ ਹਨ ਜੋ ਆਸਾਨੀ ਨਾਲ ਮਿਲ ਜਾਂਦਾ ਹੈ। ਬਿਚੌਲੀਆਂ ਦੀ ਤੁਲਨਾ 'ਚ ਸਰਕਾਰੀ ਬੈਂਕ ਕਰਜ਼ ਦੇਣ 'ਚ ਝਿਜਕਦੇ ਹਨ।
ਮੰਗਲਵਾਰ ਤੋਂ ਹੜਤਾਲ 'ਤੇ ਗਏ ਹਰਿਆਣਾ ਦੇ ਆੜ੍ਹਤੀਆਂ ਦਾ ਮੰਨਣਾ ਹੈ ਕਿ ਜੇਕਰ ਕੇਂਦਰ ਦੇ 3 ਨਵੇਂ ਕਾਨੂੰਨ ਅਸਤੀਤਵ 'ਚ ਆਉਂਦੇ ਹਨ ਤਾਂ ਨਾ ਸਿਰਫ ਬਿਚੌਲਿਆਂ ਸਗੋਂ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਅਣਗਿਣਤ ਮੁਨੀਮ ਅਤੇ ਦੂਜੇ ਲੋਕ ਵੀ ਬੇਰੁਜ਼ਗਾਰ ਹੋ ਜਾਣਗੇ।