ਡੌਂਕੀ ਲਗਾ ਕੇ US ਜਾਣ ਦਾ ਗੁਜਰਾਤੀਆਂ ’ਤੇ ਹੈ ਭੂਤ ਸਵਾਰ, ਹੁਣ ਕੈਰੇਬੀਆ ਦੇਸ਼ ’ਚ 9 ਲੋਕਾਂ ਦਾ ਗਰੁੱਪ ਹੋਇਆ ਲਾਪਤਾ
Monday, Jul 17, 2023 - 10:37 AM (IST)

ਜਲੰਧਰ (ਇੰਟ.)– ਗੁਜਰਾਤੀਆਂ ’ਤੇ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਪਹੁੰਚਣ ਦਾ ਭੂਤ ਇਸ ਕਦਰ ਸਵਾਰ ਹੈ ਕਿ ਇਸ ਖੇਡ ’ਚ ਉਹ ਕਈ ਵਾਰ ਆਪਣੀ ਜਾਨ ਤਕ ਦਾਅ ’ਤੇ ਲਗਾ ਦਿੰਦੇ ਹਨ। ਗੁਜਰਾਤ ’ਚ ਪਹਿਲਾਂ ਤਾਂ ਫਰਜ਼ੀ ਏਜੰਟਾਂ ਨੂੰ ਪੈਸਾ ਦੇ ਕੇ ਲੋਕ ਅਮਰੀਕਾ ਜਾਣ ਨੂੰ ਤਿਆਰ ਹੋ ਜਾਂਦੇ ਹਨ ਪਰ ਬਾਅਦ ’ਚ ਜਦੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਉਨ੍ਹਾਂ ਦਾ ਸੰਪਰਕ ਟੁੱਟ ਜਾਂਦਾ ਹੈ ਤਾਂ ਇਹੀ ਪਰਿਵਾਰ ਸ਼ਿਕਾਇਤ ਲੈ ਕੇ ਪੁਲਸ ਦੇ ਕੋਲ ਪਹੁੰਚਦੇ ਹਨ। ਹੁਣ ਅਜਿਹਾ ਹੀ ਇਕ ਹੋਰ ਮਾਮਲਾ ਗੁਜਰਾਤ ਪੁਲਸ ਦੇ ਕੋਲ ਪਹੁੰਚਿਆ ਹੈ।
ਇਹ ਵੀ ਪੜ੍ਹੋ: ਮੁਸੀਬਤ ’ਚ ਫਸੇ ਜਲੰਧਰ ਦੇ ਲੋਕਾਂ ਦੀ ਸਾਰ ਲੈਣ ਨਹੀਂ ਪੁੱਜੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ
ਇਕ ਮੀਡੀਆ ਰਿਪੋਰਟ ਦੇ ਮੁਤਾਬਕ ਲਗਭਗ 6 ਮਹੀਨੇ ਪਹਿਲਾਂ ਕੈਰੇਬੀਆਈ ਦੇਸ਼ ਦੇ ਰਸਤੇ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ’ਤੇ ਨਿਕਲੇ ਭਰਤ ਰਬਾਰੀ ਨਾਂ ਦੇ ਸ਼ਖਸ ਦੀ ਪਤਨੀ ਚੇਤਨਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਉਸਦੇ ਪਤੀ ਸਮੇਤ 9 ਲੋਕ ਜਨਵਰੀ ਦੇ ਪਹਿਲੇ ਹਫਤੇ ’ਚ ਅਮਰੀਕਾ ਲਈ ਰਵਾਨਾ ਹੋਏ ਸਨ। ਉਨ੍ਹਾਂ ’ਚੋਂ 4 ਮਹਿਸਾਣਾ ਜ਼ਿਲ੍ਹੇ ਤੋਂ, 3 ਗਾਂਧੀਨਗਰ ਤੋਂ ਅਤੇ 1-1 ਸਾਬਰਕਾਂਠਾ ਅਤੇ ਖੇੜਾ ਜ਼ਿਲ੍ਹੇ ਤੋਂ ਹਨ। ਉਸ ਨੇ ਕਿਹਾ ਕਿ 4 ਫਰਵਰੀ ਤੋਂ ਬਾਅਦ ਤੋਂ ਇਸ ਪੂਰੇ ਗਰੁੱਪ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਚੇਤਨਾ ਨੇ 2 ਏਜੰਟਾਂ ਮਹੇਂਦਰ ਪਟੇਲ ਅਤੇ ਉਨ੍ਹਾਂ ਦੇ ਸਹਿਯੋਗੀ ਜਾਨੀ ਪਟੇਲ ਉਰਫ ਦਿਵਯੇਸ਼ ’ਤੇ ਦੋਸ਼ ਲਗਾਇਆ ਕਿ ਉਹ ਵੱਖ-ਵੱਖ ਨਾਜਾਇਜ਼ ਰਸਤਿਆਂ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਦੇ ਹਨ। ਮਹਿਲਾ ਦਾ ਦਾਅਵਾ ਹੈ ਕਿ ਉਸ ਦੇ ਪਤੀ ਉਨ੍ਹਾਂ ਦੇ ਬਹਿਕਾਵੇ ’ਚ ਆ ਕੇ ਹੀ ਅਮਰੀਕਾ ਜਾਣ ਨੂੰ ਤਿਆਰ ਹੋਏ ਸਨ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਫਿਰੌਤੀ ਲਈ ਉਦਯੋਗਪਤੀ ਨੂੰ ਅਗਵਾ ਕਰਨ ਦੇ ਦੋਸ਼ 'ਚ 3 ਭਾਰਤੀਆਂ ਨੂੰ ਹੋਈ ਜੇਲ੍ਹ
70 ਲੱਖ ਰੁਪਏ ’ਚ ਅਮਰੀਕਾ ਭੇਜਣ ਦਾ ਸੌਦਾ
ਸਾਬਰਕਾਂਠਾ ਜ਼ਿਲ੍ਹੇ ਦੀ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 420 (ਧੋਖਾਧੜੀ) ਅਤੇ 405 (ਅਪਰਾਧਿਕ ਵਿਸ਼ਵਾਸਘਾਤ) ਦੇ ਤਹਿਤ ਇਕ ਸ਼ਿਕਾਇਤ ਦਰਜ ਕੀਤੀ ਹੈ ਅਤੇ ਜਾਨੀ ਪਟੇਲ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਉਨ੍ਹਾਂ ਦਾ ਮੰਨਣਾ ਹੈ ਕਿ ਸਾਰੇ 9 ਯਾਤਰੀ ਮਰ ਚੁੱਕੇ ਹੋਣਗੇ, ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਬਾਰੇ ਅਮਰੀਕੀ ਅਧਿਕਾਰੀਆਂ ਤੋਂ ਕੋਈ ਸੂਚਨਾ ਨਹੀਂ ਮਿਲੀ ਹੈ। ਹਾਲਾਂਕਿ ਰਬਾਰੀ ਦੀ ਪਤਨੀ ਚੇਤਨਾ ਨੂੰ ਛੱਡ ਕੇ ਹੋਰ ਯਾਤਰੀਆਂ ਦੇ ਪਰਿਵਾਰਾਂ ਦਾ ਕੋਈ ਹੋਰ ਮੈਂਬਰ ਸ਼ਿਕਾਇਤ ਲੈ ਕੇ ਅੱਗੇ ਨਹੀਂ ਆਇਆ ਹੈ। ਜਾਣਕਾਰੀ ਮੁਤਾਬਕ ਜਾਨੀ ਪਟੇਲ ਨੇ ਕਿਸਾਨ ਭਰਤ ਰਬਾਰੀ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਵਰਕ ਪਰਮਿਟ ’ਤੇ ਅਮਰੀਕਾ ਭੇਜ ਸਕਦਾ ਹੈ। ਇਹ ਸੌਦਾ 70 ਲੱਖ ਰੁਪਏ ’ਚ ਤੈਅ ਹੋਇਆ ਸੀ ਅਤੇ ਭਰਤ ਰਬਾਰੀ ਨੇ 20 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਸੀ। ਬਾਕੀ ਰਾਸ਼ੀ ਦਾ ਭੁਗਤਾਨ ਅਮਰੀਕਾ ਪਹੁੰਚਣ ਤੋਂ ਬਾਅਦ ਕੀਤਾ ਜਾਣਾ ਸੀ।
ਪੁਲਸ ਨੂੰ ਮੁੱਖ ਦੋਸ਼ੀ ਦੀ ਭਾਲ
ਸਾਬਰਕਾਂਠਾ ਦੇ ਪੁਲਸ ਸੁਪਰਡੈਂਟ ਵਿਸ਼ਾਲ ਕੁਮਾਰ ਵਾਘੇਲਾ ਨੇ ਐੱਫ.ਆਈ.ਆਰ ਦਰਜ ਕਰਨ ਤੋਂ ਬਾਅਦ ਕਿਹਾ ਕਿ ਰਬਾਰੀ ਜਨਵਰੀ ’ਚ ਨੀਦਰਲੈਂਡ ਪਹੁੰਚਿਆ ਅਤੇ ਫਿਰ ਫਰਵਰੀ ’ਚ ਕੈਰੇਬੀਅਨ ਖੇਤਰ ’ਚ ਪੋਰਟ ਆਫ ਸਪੇਨ ਦੇ ਰਸਤੇ ਡੋਮਿਨਿਕਾ ਪਹੁੰਚਿਆ। ਚੇਤਨਾ ਨੇ ਕਿਹਾ ਕਿ ਉਸ ਦਾ ਆਪਣੇ ਪਤੀ ਨਾਲ ਆਖਰੀ ਸੰਪਰਕ ਉਦੋਂ ਹੋਇਆ ਸੀ ਜਦੋਂ ਉਹ ਮਾਰਟੀਨਿਕ ’ਚ ਸੀ। ਪੁਲਸ ਸੁਪਰਡੈਂਟ ਨੇ ਕਿਹਾ ਕਿ ਪੁਲਸ ਨੇ ਪਾਇਆ ਕਿ ਜਾਨੀ ਪਟੇਲ ਅਹਿਮਦਾਬਾਦ ਸਥਿਤ ਮਹੇਂਦਰ ਪਟੇਲ ਦੇ ਅਧੀਨ ਕੰਮ ਕਰਦਾ ਸੀ, ਜਿਸਦਾ ਗੁਜਰਾਤ ਭਰ ਦੇ ਜ਼ਿਲ੍ਹਿਆਂ ’ਚ ਏਜੰਟਾਂ ਦਾ ਨੈੱਟਵਰਕ ਸੀ। ਪੁਲਸ ਉਸ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੂੰ ਹੋਈ ਉਮਰ ਕੈਦ, ਅੱਲੜ੍ਹ ਉਮਰ ਦੇ 3 ਗੋਰਿਆਂ ਦੇ ਕਤਲ ਦਾ ਹੈ ਦੋਸ਼
ਪਹਿਲਾਂ ਕਈ ਲੋਕਾਂ ਦੀ ਜਾ ਚੁੱਕੀ ਹੈ ਜਾਨ
ਮਹੇਂਦਰ ਪਟੇਲ ਜਗਦੀਸ਼ ਪਟੇਲ ਦਾ ਵੱਡਾ ਭਰਾ ਹੈ, ਜੋ ਪਿਛਲੇ ਸਾਲ ਜਨਵਰੀ ’ਚ ਕੈਨੇਡਾ ਤੋਂ ਅਮਰੀਕਾ ’ਚ ਨਾਜਾਇਜ਼ ਤੌਰ ’ਤੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਬਰਫੀਲੇ ਤੂਫਾਨ ’ਚ ਫਸਣ ਤੋਂ ਬਾਅਦ ਆਪਣੀ ਪਤਨੀ ਅਤੇ 2 ਬੱਚਿਆਂ ਦੇ ਨਾਲ ਮ੍ਰਿਤ ਪਾਇਆ ਗਿਆ ਸੀ। ਅਪ੍ਰੈਲ ’ਚ ਅਜਿਹੀ ਹੀ ਇਕ ਹੋਰ ਦੁਖਦ ਘਟਨਾ ’ਚ ਗੁਜਰਾਤ ਦੇ 4 ਲੋਕਾਂ ਦਾ ਇਕ ਪਰਿਵਾਰ ਇਕ ਜੋੜਾ ਅਤੇ 2 ਬਾਲਗ ਬੱਚੇ ਉਨ੍ਹਾਂ ਅੱਠ ਲੋਕਾਂ ’ਚ ਸ਼ਾਮਲ ਸਨ, ਜੋ ਕਿਊਬਿਕ-ਨਿਊਯਾਰਕ ਸਰਹੱਦ ’ਤੇ ਸੇਂਟ ਲਾਰੇਂਸ ਨਦੀ ’ਚ ਡੁੱਬ ਗਏ ਸਨ। ਤ੍ਰਾਸਦੀ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਕਿ ਇਕ ਸਥਾਨਕ ਏਜੰਟ ਨੇ ਪਰਿਵਾਰ ਨੂੰ ਕੈਨੇਡਾ ਲਈ ਟੂਰਿਸਟ ਵੀਜ਼ਾ ਤਿਆਰ ਕਰਨ ’ਚ ਮਦਦ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ’ਚ ਦਾਖਲ ਹੋਣ ਦਾ ਕਥਿਤ ਨਾਜਾਇਜ਼ ਯਤਨ ਕੀਤਾ ਸੀ। ਪਿਛਲੇ ਦਸੰਬਰ ’ਚ ਅਮਰੀਕਾ ’ਚ ਦਾਖਲ ਹੋਣ ਦੇ ਇਸੇ ਤਰ੍ਹਾਂ ਦੇ ਨਾਜਾਇਜ਼ ਯਤਨ ’ਚ ਗਾਂਧੀਨਗਰ ਦੇ ਇਕ ਵਿਅਕਤੀ ਦੀ ਅਮਰੀਕਾ-ਮੈਕਸੀਕੋ ਸਰਹੱਦ ’ਤੇ ‘ਟਰੰਪ ਵਾਲ’ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਮੌਤ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।