IMD ਵੱਲੋਂ ਭਾਰੀ ਮੀਂਹ ਦੀ ਚਿਤਾਵਨੀ ! ਇਨ੍ਹਾਂ 11 ਜ਼ਿਲ੍ਹਿਆ ''ਚ ਅਚਾਨਕ ਹੜ੍ਹ ਆਉਣ ਦਾ ਖ਼ਤਰਾ
Friday, Jun 20, 2025 - 09:47 AM (IST)

ਨੈਸ਼ਨਲ ਡੈਸਕ। ਭਾਰਤੀ ਮੌਸਮ ਵਿਭਾਗ ਨੇ ਝਾਰਖੰਡ ਦੇ ਘੱਟੋ-ਘੱਟ 11 ਜ਼ਿਲ੍ਹਿਆਂ 'ਚ ਅਚਾਨਕ ਹੜ੍ਹ ਆਉਣ ਦਾ ਗੰਭੀਰ ਖਦਸ਼ਾ ਪ੍ਰਗਟ ਕੀਤਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਰਾਜ ਦੇ ਨੀਵੇਂ ਇਲਾਕਿਆਂ 'ਚ ਸਥਿਤੀ ਗੰਭੀਰ ਹੋ ਸਕਦੀ ਹੈ। IMD ਨੇ ਇਹ ਵੀ ਕਿਹਾ ਕਿ ਝਾਰਖੰਡ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਨਾਲ-ਨਾਲ ਗੁਆਂਢੀ ਰਾਜ ਓਡੀਸ਼ਾ ਦੇ ਚਾਰ ਜ਼ਿਲ੍ਹਿਆਂ 'ਚ ਅਚਾਨਕ ਹੜ੍ਹ ਆਉਣ ਦਾ ਖ਼ਤਰਾ ਹੈ।
ਪੂਰਬੀ ਯੂਪੀ 'ਚ ਵੀ ਭਾਰੀ ਮੀਂਹ ਦੀ ਚਿਤਾਵਨੀ
IMD ਨੇ ਝਾਰਖੰਡ ਦੇ ਬੋਕਾਰੋ, ਹਜ਼ਾਰੀਬਾਗ, ਖੁੰਟੀ, ਰਾਮਗੜ੍ਹ, ਲਾਤੇਹਾਰ, ਗੁਮਲਾ, ਰਾਂਚੀ, ਸਰਾਏਕੇਲਾ, ਸਿਮਡੇਗਾ ਅਤੇ ਪੱਛਮੀ ਸਿੰਘਭੂਮ ਜ਼ਿਲ੍ਹਿਆਂ ਲਈ ਭਾਰੀ ਮੀਂਹ ਦੀ ਭਵਿੱਖਬਾਣੀ ਕਰਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਅੱਜ ਪੂਰਬੀ ਉੱਤਰ ਪ੍ਰਦੇਸ਼ ਦੇ 13 ਜ਼ਿਲ੍ਹਿਆਂ ਵ'ਚ ਭਾਰੀ ਮੀਂਹ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।
ਭਾਰਤੀ ਮੌਸਮ ਵਿਭਾਗ ਨੇ ਮੁੰਬਈ IMD, ਭੁਵਨੇਸ਼ਵਰ IMD, ਰਾਂਚੀ IMD ਤੇ ਅਹਿਮਦਾਬਾਦ IMD ਵਰਗੇ ਸਾਰੇ ਖੇਤਰੀ ਮੌਸਮ ਕੇਂਦਰਾਂ ਨੂੰ ਰਾਸ਼ਟਰੀ ਫਲੱਸ਼ ਫਲੱਡ ਗਾਈਡੈਂਸ ਬੁਲੇਟਿਨ ਭੇਜਿਆ ਹੈ। ਵਿਭਾਗ ਨੇ ਓਡੀਸ਼ਾ ਤੇ ਆਸ ਪਾਸ ਦੇ ਮੌਸਮ ਕੇਂਦਰਾਂ, ਪੱਛਮੀ ਬੰਗਾਲ ਦੇ ਮੈਦਾਨੀ ਇਲਾਕਿਆਂ, ਝਾਰਖੰਡ, ਗੁਜਰਾਤ ਖੇਤਰ, ਕੋਂਕਣ ਅਤੇ ਗੋਆ ਨੂੰ ਵਿਸ਼ੇਸ਼ ਤੌਰ 'ਤੇ ਅਲਰਟ ਕੀਤਾ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੱਛਮੀ ਰਾਜਸਥਾਨ ਅਤੇ ਅਸਾਮ-ਮੇਘਾਲਿਆ ਦੇ ਜਲ ਭੰਡਾਰ ਪਾਣੀ ਨਾਲ ਭਰੇ ਹੋਏ ਹਨ। ਆਈਐਮਡੀ ਨੇ ਇਹ ਵੀ ਦੱਸਿਆ ਹੈ ਕਿ ਦੇਸ਼ ਦੇ ਕਈ ਖੇਤਰਾਂ 'ਚ ਅਗਲੇ 24 ਘੰਟਿਆਂ ਵਿੱਚ 200 ਮਿਲੀਮੀਟਰ ਤੱਕ ਬਾਰਿਸ਼ ਹੋ ਸਕਦੀ ਹੈ।
ਗੁਜਰਾਤ 'ਚਪਾਣੀ ਭਰਿਆ, ਉਤਰਾਖੰਡ 'ਚ ਜ਼ਮੀਨ ਖਿਸਕਣ ਨਾਲ 2 ਦੀ ਮੌਤ
ਭਾਰੀ ਬਾਰਿਸ਼ ਕਾਰਨ ਕਈ ਰਾਜਾਂ 'ਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਗੁਜਰਾਤ ਦੇ ਅਹਿਮਦਾਬਾਦ, ਵਾਪੀ ਅਤੇ ਰਾਜਕੋਟ ਵਿੱਚ ਭਾਰੀ ਬਾਰਿਸ਼ ਨਾਲ ਸੜਕਾਂ, ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਭਰ ਗਿਆ ਹੈ। ਸਾਵਰਕੁੰਡਲਾ ਤੇ ਰਾਜੁਲਾ ਵਿੱਚ ਨਦੀਆਂ ਭਰ ਗਈਆਂ ਹਨ। ਨਵਸਾਰੀ, ਵਲਸਾਡ, ਡਾਂਗ, ਦਮਨ ਅਤੇ ਦਾਦਰਾ ਨਗਰ ਹਵੇਲੀ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਬਾਰਿਸ਼ ਨਾਲ ਦਿੱਲੀ 'ਚ AQI 'ਚ ਸੁਧਾਰ
ਰਾਜਧਾਨੀ ਦਿੱਲੀ 'ਚ ਮਾਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਕਾਰਨ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਬਾਰਿਸ਼ ਦਾ ਦਿੱਲੀ ਦੀ ਹਵਾ ਦੀ ਗੁਣਵੱਤਾ 'ਤੇ ਵੀ ਸਕਾਰਾਤਮਕ ਪ੍ਰਭਾਵ ਪਿਆ ਹੈ। ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 81 ਤੱਕ ਘੱਟ ਗਿਆ ਹੈ ਜੋ ਕਿ ਇੱਕ ਮਹੱਤਵਪੂਰਨ ਸੁਧਾਰ ਹੈ। ਇਸ ਤੋਂ ਪਹਿਲਾਂ, ਸਭ ਤੋਂ ਸਾਫ਼ ਹਵਾ 29 ਸਤੰਬਰ 2024 ਨੂੰ ਦਰਜ ਕੀਤੀ ਗਈ ਸੀ ਜਦੋਂ AQI 76 ਦਰਜ ਕੀਤਾ ਗਿਆ ਸੀ। ਕੁੱਲ ਮਿਲਾ ਕੇ, ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਾਨਸੂਨ ਦੀ ਗਤੀਵਿਧੀ ਨੇ ਰਾਹਤ ਅਤੇ ਚੁਣੌਤੀਆਂ ਦੋਵੇਂ ਲਿਆਂਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8