ਬੰਗਾਲ ''ਚ ਗੈਰ-ਕਾਨੂੰਨੀ ਖਦਾਨ ਧਸਣ ਕਾਰਨ 3 ਦੀ ਮੌਤ, ਕਈ ਮਜ਼ਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ

Tuesday, Jan 13, 2026 - 08:37 PM (IST)

ਬੰਗਾਲ ''ਚ ਗੈਰ-ਕਾਨੂੰਨੀ ਖਦਾਨ ਧਸਣ ਕਾਰਨ 3 ਦੀ ਮੌਤ, ਕਈ ਮਜ਼ਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ

ਆਸਨਸੋਲ- ਪੱਛਮੀ ਬੰਗਾਲ ਦੇ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਆਸਨਸੋਲ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਥੇ ਕੁਲਟੀ ਥਾਣਾ ਖੇਤਰ ਦੇ ਬੜੀਰਾ ਇਲਾਕੇ ਵਿੱਚ ਸਥਿਤ ਬੀ.ਸੀ.ਸੀ.ਐੱਲ. ਦੀ ਓਪਨ ਕਾਸਟ ਕੋਲਾ ਖਦਾਨ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੌਰਾਨ ਸੁਰੰਗ ਧਸ ਗਈ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ ਤਿੰਨ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹੋਰ ਮਲਬੇ ਹੇਠ ਦੱਬੇ ਹੋਏ ਹਨ।

ਹਾਦਸੇ ਦੇ ਸਮੇਂ ਖਦਾਨ ਦੇ ਅੰਦਰ ਕਰੀਬ 5 ਤੋਂ 6 ਮਜ਼ਦੂਰ ਮੌਜੂਦ ਸਨ। ਹੁਣ ਤੱਕ 4 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਆਸਨਸੋਲ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਸ਼ਾਸਨ ਨੂੰ ਖਦਸ਼ਾ ਹੈ ਕਿ ਅਜੇ ਵੀ ਇੱਕ ਤੋਂ ਦੋ ਲੋਕ ਮਲਬੇ ਵਿੱਚ ਫਸੇ ਹੋ ਸਕਦੇ ਹਨ, ਜਿਨ੍ਹਾਂ ਨੂੰ ਕੱਢਣ ਲਈ ਪੋਕਲੇਨ ਮਸ਼ੀਨਾਂ ਨਾਲ ਜੰਗੀ ਪੱਧਰ 'ਤੇ ਬਚਾਅ ਕਾਰਜ ਚਲਾਇਆ ਜਾ ਰਹੀ ਹੈ।

ਮਰਨ ਵਾਲਿਆਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਗੀਤਾ ਬਾਉਰੀ, ਸੁਰੇਸ਼ ਬਾਉਰੀ ਅਤੇ ਟਿਪੂ ਬਾਉਰੀ ਵਜੋਂ ਹੋਈ ਹੈ। ਜ਼ਖ਼ਮੀ ਮਜ਼ਦੂਰਾਂ ਦੇ ਨਾਮ ਸੁਭਾਸ਼ ਮਲਿਕ ਅਤੇ ਗੋਵਿੰਦ ਬਾਉਰੀ ਦੱਸੇ ਜਾ ਰਹੇ ਹਨ।

PunjabKesari

ਕੋਲਾ ਮਾਫੀਆ ਅਤੇ ਸੁਰੱਖਿਆ 'ਤੇ ਉੱਠੇ ਸਵਾਲ 

ਇਸ ਹਾਦਸੇ ਨੇ ਖਦਾਨਾਂ ਦੀ ਸੁਰੱਖਿਆ ਅਤੇ ਕੋਲਾ ਮਾਫੀਆ ਦੇ ਨੈੱਟਵਰਕ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਇਸ ਖਦਾਨ ਵਿੱਚ ਪਹਿਲਾਂ ਵੀ ਅਜਿਹੇ ਹਾਦਸੇ ਵਾਪਰ ਚੁੱਕੇ ਹਨ, ਪਰ ਫਿਰ ਵੀ ਗੈਰ-ਕਾਨੂੰਨੀ ਮਾਈਨਿੰਗ ਜਾਰੀ ਹੈ। ਭਾਜਪਾ ਵਿਧਾਇਕ ਅਜੇ ਪੋਦਾਰ ਨੇ ਸਿਸਟਮ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮਾਫੀਆ ਅਤੇ ਪੁਲਸ ਦੀ ਮਿਲੀਭੁਗਤ ਕਾਰਨ ਮਾਸੂਮ ਪੇਂਡੂਆਂ ਦੀ ਜਾਨ ਜਾ ਰਹੀ ਹੈ। ਦੂਜੇ ਪਾਸੇ, ਟੀ.ਐੱਮ.ਸੀ. ਨੇਤਾਵਾਂ ਦਾ ਕਹਿਣਾ ਹੈ ਕਿ ਖਦਾਨ ਦੇ ਆਲੇ-ਦੁਆਲੇ ਤਾਰਬੰਦੀ ਕੀਤੀ ਗਈ ਸੀ, ਪਰ ਲੋਕ ਫਿਰ ਵੀ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ 300-400 ਫੁੱਟ ਹੇਠਾਂ ਉਤਰ ਗਏ।

ਘਟਨਾ ਵਾਲੀ ਥਾਂ 'ਤੇ ਭਾਰੀ ਪੁਲਿਸ ਬਲ ਅਤੇ ਸੀ.ਆਈ.ਐੱਸ.ਐੱਫ. ਦੀ ਤਾਇਨਾਤੀ ਕੀਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਸੁਰੱਖਿਆ ਘੇਰਾ ਹੋਣ ਦੇ ਬਾਵਜੂਦ ਇਹ ਲੋਕ ਖਦਾਨ ਦੇ ਅੰਦਰ ਕਿਵੇਂ ਦਾਖਲ ਹੋਏ।


author

Rakesh

Content Editor

Related News