IIM ਕੋਲਕਾਤਾ ਦੀ ਪਹਿਲੀ ਡਾਇਰੈਕਟਰ ਬੀਬੀ ਅੰਜੂ ਸੇਠ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
Tuesday, Mar 23, 2021 - 12:56 PM (IST)
ਕੋਲਕਾਤਾ- ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਕੋਲਕਾਤਾ (ਆਈ.ਆਈ.ਐੱਮ. ਕੋਲਕਾਤਾ) ਦੀ ਪਹਿਲੀ ਡਾਇਰੈਕਟਰ ਬੀਬੀ ਅੰਜੂ ਸੇਠ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਇਕ ਸਾਲ ਪਹਿਲਾਂ ਹੀ ਆਪਣਾ ਅਸਤੀਫ਼ਾ ਸਰਕਾਰ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਦਾ ਅਸਤੀਫ਼ਾ ਉਨ੍ਹਾਂ ਦੇ ਬੀਮਾਰੀ ਦੀ ਛੁੱਟੀ ਲੈਣ ਦੇ 2 ਦਿਨਾਂ ਅੰਦਰ ਹੀ ਆ ਗਿਆ ਸੀ ਅਤੇ ਇਕ ਮਹੀਨੇ ਬਾਅਦ ਸੰਸਥਾ ਦੇ ਬੋਰਡ ਆਫ਼ ਗਵਰਨਰਜ਼ (ਬੀ.ਓ.ਜੀ.) ਨੇ ਉਨ੍ਹਾਂ ਦੀਆਂ ਸ਼ਕਤੀਆਂ ਖ਼ਤਮ ਕਰ ਦਿੱਤੀਆਂ। ਇਹ ਮਾਮਲਾ ਪਿਛਲੇ ਸਾਲ ਸ਼ੁਰੂ ਹੋਇਆ ਸੀ, ਜੋਂ ਅੰਜੂ ਸੇਠ ਅਤੇ ਬੋਰਡ ਦੋਹਾਂ ਨੇ ਇਕ-ਦੂਜੇ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਅੰਜੂ ਨੇ ਪ੍ਰਧਾਨ ਸ਼੍ਰੀਕ੍ਰਿਸ਼ਨ ਕੁਲਕਰਨੀ 'ਤੇ ਕਾਰਜਕਾਰੀ ਸ਼ਕਤੀਆਂ 'ਤੇ ਕੰਟਰੋਲ ਕਰਨ ਦਾ ਦੋਸ਼ ਲਗਾਇਆ ਸੀ। ਅੰਜੂ ਨੇ ਚੇਅਰਮੈਨ ਸ਼੍ਰੀਕ੍ਰਿਸ਼ਨਾ 'ਤੇ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰਨ ਦੀ ਗੱਲ ਵੀ ਕਹੀ ਸੀ, ਨਾਲ ਹੀ ਉਨ੍ਹਾਂ ਦੇ ਕੰਮ 'ਚ ਦਖਲਅੰਦਾਜ਼ੀ ਕਰਨ ਦੀ ਸ਼ਿਕਾਇਤ ਕੀਤੀ ਸੀ।
ਉੱਥੇ ਹੀ ਬੋਰਡ ਨੇ ਸੇਠ 'ਤੇ ਗਲਤ ਆਚਰਨ ਦਾ ਦੋਸ਼ ਲਗਾਇਆ ਸੀ। ਦਸੰਬਰ 'ਚ ਆਈ.ਆਈ.ਐੱਮ.-ਕੋਲਕਾਤਾ ਫੈਕਲਟੀ ਦੇ ਇਕ ਵਰਗ ਨੇ ਸਿੱਖਿਆ ਮੰਤਰਾਲਾ ਨੂੰ ਵੀ ਇਕ ਚਿੱਠੀ ਲਿਖੀ ਸੀ, ਜਿਸ 'ਚ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਸੇਠ ਕੋਲ ਕੇਂਦਰੀਕ੍ਰਿਤ ਸ਼ਕਤੀਆਂ ਸਨ ਅਤੇ ਬੋਰਡ ਦੀ ਫ਼ੈਸਲਾ ਲੈਣ ਵਾਲੀ ਭੂਮਿਕਾ ਦਾ ਉਨ੍ਹਾਂ ਨੇ ਉਲੰਘਣ ਕੀਤਾ ਸੀ।
ਦੱਸਣਯੋਗ ਹੈ ਕਿ ਅੰਜੂ ਸੇਠ ਨਵੰਬਰ 2018 'ਚ ਆਈ.ਆਈ.ਐੱਮ.-ਕੋਲਕਾਤਾ ਦੀ ਪਹਿਲੀ ਮਹਿਲਾ ਮੁਖੀ ਦੇ ਰੂਪ 'ਚ ਨਿਯੁਕਤ ਕੀਤੀ ਗਈ ਸੀ। ਉਨ੍ਹਾਂ ਨੇ ਛੁੱਟੀ ਲੈਣ ਦੇ ਨਾਲ ਹੀ ਪ੍ਰਸ਼ਾਂਤ ਮਿਸ਼ਰਾ, ਡੀਨ ਨੂੰ ਆਈ.ਆਈ.ਐੱਮ. ਕੋਲਕਾਤਾ ਦੇ ਕਾਰਜਕਾਰੀ ਨਿਰਦੇਸ਼ਕ ਦੀ ਜ਼ਿੰਮੇਵਾਰੀ ਦਿੱਤੀ ਸੀ। ਫਰਵਰੀ 2022 'ਚ ਸੇਠ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਸੀ, ਉਹ ਆਈ.ਆਈ.ਐੱਮ.-ਕੋਲਕਾਤਾ 1978 ਬੈਚ ਦੀ ਸਾਬਕਾ ਵਿਦਿਆਰਥਣ ਵੀ ਰਹੀ ਹੈ।