ਜੇਕਰ ਕਾਂਗਰਸ ਸੱਤਾ ''ਚ ਆਈ ਤਾਂ ਕਿਸਾਨਾਂ ਦਾ ਕੀਤਾ ਜਾਵੇਗਾ ਕਰਜ਼ ਮੁਆਫ਼: ਬਘੇਲ

Monday, Oct 23, 2023 - 05:33 PM (IST)

ਰਾਏਪੁਰ- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਐਲਾਨ ਕੀਤਾ ਕਿ ਜੇਕਰ ਸੂਬੇ 'ਚ ਕਾਂਗਰਸ ਸੱਤਾ 'ਚ ਆਈ ਤਾਂ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾਵੇਗਾ। ਮੁੱਖ ਮੰਤਰੀ ਬਘੇਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕਰ ਕੇ ਕਿਹਾ- ਐਲਾਨ! ਕਾਂਗਰਸ ਦੇ ਸੱਤਾ ਵਿਚ ਆਉਂਦੇ ਹੀ ਪਹਿਲਾਂ ਵਾਂਗ ਇਸ ਵਾਰ ਵੀ ਅਸੀਂ ਕਿਸਾਨਾਂ ਦਾ ਕਰਜ਼ ਮੁਆਫ਼ ਕਰਾਂਗੇ। 

ਬਘੇਲ ਨੇ ਕਿਹਾ ਕਿ ਭਾਜਪਾ ਨੇ ਹੁਣ ਤੱਕ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਔਰਤਾਂ ਲਈ ਇਕ ਵੀ ਐਲਾਨ ਨਹੀਂ ਕੀਤਾ ਹੈ। ਰਾਹੁਲ ਜੀ ਆਏ ਐਲਾਨ ਕੀਤਾ ਕਿ ਜਾਤੀ ਜਨਗਣਨਾ ਹੋਵੇਗੀ। ਪ੍ਰਿਯੰਕਾ ਜੀ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਘਰ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਕਿਸਾਨਾਂ ਤੋਂ 20 ਕੁਇੰਟਲ ਪ੍ਰਤੀ ਏਕੜ ਝੋਨਾ ਖਰੀਦਾਂਗੇ। ਅਜੇ ਬਹੁਤ ਸਾਰੀਆਂ ਗਰੰਟੀਆਂ ਦੇਣੀਆਂ ਹਨ। ਮੈਂ ਮੰਚ ਦੇ ਜ਼ਰੀਏ ਐਲਾਨ ਕਰ ਰਿਹਾ ਹਾਂ ਕਿ ਜਿਵੇਂ ਪਹਿਲਾਂ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਗਿਆ ਸੀ, ਫਿਰ ਤੋਂ ਸਰਕਾਰ ਬਣਾਓ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਵੇਗਾ।

 

ਸੂਬੇ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਇਸ ਐਲਾਨ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸੂਬੇ ਵਿਚ ਸਾਲ 2018 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸਰਕਾਰ ਬਣਦੇ ਹੀ ਕਰਜ਼ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਕਾਂਗਰਸ ਦੇ ਇਸ ਐਲਾਨ ਮਗਰੋਂ ਹੀ ਪਾਰਟੀ ਨੂੰ ਕਿਸਾਨਾਂ ਦਾ ਸਮਰਥਨ ਮਿਲਿਆ ਸੀ ਅਤੇ ਸੂਬੇ ਵਿਚ 15 ਸਾਲ ਬਾਅਦ ਸੱਤਾ 'ਚ ਵਾਪਸੀ ਹੋਈ ਸੀ। ਸੂਬੇ ਵਿਚ ਦੋ ਪੜਾਵਾਂ ਵਿਚ 7 ਅਤੇ 17 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਕਾਂਗਰਸ ਨੇ 2018 ਦੀਆਂ ਵਿਧਾਨ ਸਭਾ ਚੋਣਾਂ ਵਿਚ 90 ਵਿਚੋਂ 68 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। 


Tanu

Content Editor

Related News