‘ਆਪ’ ਦੁਬਾਰਾ ਸੱਤਾ ’ਚ ਆਈ ਤਾਂ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਾਂਗੇ : ਕੇਜਰੀਵਾਲ

Sunday, Jan 26, 2025 - 02:25 AM (IST)

‘ਆਪ’ ਦੁਬਾਰਾ ਸੱਤਾ ’ਚ ਆਈ ਤਾਂ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਾਂਗੇ : ਕੇਜਰੀਵਾਲ

ਨਵੀਂ ਦਿੱਲੀ (ਭਾਸ਼ਾ) - ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ’ਚ ਵਾਪਸ ਆਉਂਦੀ ਹੈ, ਤਾਂ ਉਹ ਦਿੱਲੀ ’ਚ ਸੀਵਰੇਜ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰੇਗੀ।

ਇਕ ਵੀਡੀਓ ਸੰਦੇਸ਼ ’ਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਸ਼ਹਿਰ ਦੀਆਂ ਅਣਅਧਿਕਾਰਤ ਕਾਲੋਨੀਆਂ ’ਚ ‘ਆਪ’ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਨ੍ਹਾਂ ਖੇਤਰਾਂ ’ਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ’ਚ ਅਹਿਮ ਪ੍ਰਗਤੀ ਹੋਈ ਹੈ।

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਦਿੱਲੀ ’ਚ ਸਰਕਾਰ ਬਣਾਈ ਸੀ ਤਾਂ ਅਣਅਧਿਕਾਰਤ ਕਾਲੋਨੀਆਂ ’ਚ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ ਸੀ। ਕਿਸੇ ਵੀ ਸਰਕਾਰ ਨੇ ਇਨ੍ਹਾਂ ਕਾਲੋਨੀਆਂ ਲਈ ਕੰਮ ਨਹੀਂ ਕੀਤਾ। ਅਸੀਂ ਵਿਕਾਸ ਕਾਰਜ ਸ਼ੁਰੂ ਕੀਤੇ ਤੇ ਅੱਜ ਲਗਭਗ ਸਾਰੀਆਂ ਅਜਿਹੀਆਂ ਕਾਲੋਨੀਆਂ ’ਚ ਸੀਵਰ ਪਾਈਪਲਾਈਨਾਂ ਤੇ ਹੋਰ ਸਹੂਲਤਾਂ ਹਨ।

ਕੇਜਰੀਵਾਲ ਨੇ ਮੰਨਿਆ ਕਿ ਸ਼ਹਿਰ ਦੇ ਕਈ ਇਲਾਕਿਆਂ ’ਚ ਸੀਵਰੇਜ ਕਾਰਨ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦੀ ਸਮੱਸਿਆ ਹੈ। ਮੈਂ ਫੈਸਲਾ ਕੀਤਾ ਹੈ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਸ਼ਹਿਰ ’ਚ ਸੀਵਰ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਨੂੰ ਜੰਗੀ ਪੱਧਰ ’ਤੇ ਹੱਲ ਕੀਤਾ ਜਾਵੇਗਾ। 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਾਂ 5 ਫਰਵਰੀ ਨੂੰ ਪੈਣੀਆਂ ਹਨ। ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।


author

Inder Prajapati

Content Editor

Related News