ਹਿਮਾਚਲ ''ਚ ਜ਼ਮੀਨ ਖਿਸਕਣ ਅਤੇ ਅਚਾਨਕ ਆਏ ਹੜ੍ਹ ਨਾਲ ਨਜਿੱਠਣ ''ਚ ਮਦਦ ਕਰੇਗਾ ICCC
Sunday, Jul 02, 2023 - 06:27 PM (IST)
ਸ਼ਿਮਲਾ (ਭਾਸ਼ਾ)- ਸਮਾਰਟ ਸਿਟੀ ਮਿਸ਼ਨ ਦੇ ਅਧੀਨ ਇੱਥੇ ਸਥਾਪਤ ਏਕੀਕ੍ਰਿਤ ਕਮਾਨ ਅਤੇ ਕੰਟਰੋਲ ਕੇਂਦਰ (ਆਈ.ਸੀ.ਸੀ.ਸੀ.) 34 ਸੈਂਸਰ ਦੇ ਮਾਧਿਅਮ ਨਾਲ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਨਾਲ ਨਜਿੱਠਣ 'ਚ ਹਿਮਾਚਲ ਪ੍ਰਦੇਸ਼ ਦੀ ਮਦਦ ਕਰੇਗਾ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਜ਼ਮੀਨ ਖਿਸਕਣ ਅਤੇ ਹੜ੍ਹ ਸੰਭਾਵਿਤ ਖੇਤਰਾਂ 'ਚ ਲਗਾਏ ਗਏ ਸੈਂਸਰ ਦੀ ਸਮੇਂਬੱਧ ਕਾਰਵਾਈ ਲਈ ਆਈ.ਸੀ.ਸੀ.ਸੀ. 'ਚ ਨਿਗਰਾਨੀ ਕੀਤੀ ਜਾਵੇਗੀ।
ਅਧਿਕਾਰੀਆਂ ਨੇ ਕਿਹਾ ਕਿ ਆਈ.ਸੀ.ਸੀ.ਸੀ. ਦੇ ਜਲਦ ਹੀ ਪੂਰੀ ਤਰ੍ਹਾਂ ਨਾਲ ਚਾਲੂ ਹੋਣ ਦੀ ਸੰਭਾਵਨਾ ਹੈ। ਸ਼ਿਮਲਾ ਸਮਾਰਟ ਸਿਟੀ ਲਿਮਟਿਡ (ਐੱਸ.ਐੱਸ.ਸੀ.ਐੱਲ.) ਦੇ ਮਹਾਪ੍ਰਬੰਧਕ ਅਜੀਤ ਭਾਰਦਵਾਜ ਨੇ ਕਿਹਾ,''ਇਹ ਅਗਲੇ 7-8 ਦਿਨ 'ਚ ਪੂਰੀ ਤਰ੍ਹਂ ਨਾਲ ਕੰਮ ਕਰੇਗਾ ਅਤੇ ਆਫ਼ਤ ਨਾਲ ਨਜਿੱਠਣ 'ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।'' ਪਿਛਲੇ ਹਫ਼ਤੇ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਸੈਲਾਨੀਆਂ ਸਮੇਤ ਸੈਂਕੜੇ ਯਾਤਰੀ ਮੰਡੀ ਜ਼ਿਲ੍ਹੇ 'ਚ ਮਨਾਲੀ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ 'ਤੇ 24 ਘੰਟੇ ਤੋਂ ਵੱਧ ਸਮੇਂ ਤੱਕ ਫਸੇ ਰਹੇ ਸਨ। ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਆਈ.ਸੀ.ਸੀ.ਸੀ. ਨੂੰ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ।