ਭਾਰਤੀ ਹਵਾਈ ਫ਼ੌਜ ਦੇ ਸਰਵੇਲੈਂਸ ਡਰੋਨ ''ਚ ਆ ਗਈ ਤਕਨੀਕੀ ਖ਼ਰਾਬੀ ! ਜੈਸਲਮੇਰ ''ਚ ਐਮਰਜੈਂਸੀ ਲੈਂਡਿੰਗ
Thursday, Nov 20, 2025 - 05:05 PM (IST)
ਨੈਸ਼ਨਲ ਡੈਸਕ- ਰਾਜਸਥਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਜੈਸਲਮੇਰ 'ਚ ਭਾਰਤੀ ਹਵਾਈ ਸੈਨਾ (IAF) ਦੇ ਇੱਕ ਸਰਵੇਲੈਂਸ ਡਰੋਨ ਨੂੰ ਰੁਟੀਨ ਟ੍ਰੇਨਿੰਗ ਫਲਾਈਟ ਦੌਰਾਨ ਤਕਨੀਕੀ ਖਰਾਬੀ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਇਜ਼ਰਾਈਲ 'ਚ ਬਣੇ ਹੇਰੋਨ ਸਰਚਰ UAV ਨਾਮਕ ਇਹ ਮਾਨਵ ਰਹਿਤ ਏਰੀਅਲ ਵਾਹਨ ਜੈਸਲਮੇਰ ਦੇ ਸਰਹੱਦੀ ਇਲਾਕੇ ਰਾਮਗੜ੍ਹ ਦੇ ਨਹਿਰੀ ਖੇਤਰ ਵਿੱਚ ਸਥਾਨਕ ਕਿਸਾਨ ਮੋਟਾ ਰਾਮ ਦੇ ਖੇਤ ਵਿੱਚ ਡਿੱਗਿਆ। ਇਹ ਘਟਨਾ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਵਾਪਰੀ।
ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਹਵਾਈ ਸੈਨਾ, ਰਾਮਗੜ੍ਹ ਪੁਲਸ ਅਤੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਹਵਾਈ ਸੈਨਾ ਦੇ ਬੁਲਾਰੇ ਨੇ ਵੀ ਤਕਨੀਕੀ ਖਰਾਬੀ ਕਾਰਨ ਹੋਈ ਇਸ ਐਮਰਜੈਂਸੀ ਲੈਂਡਿੰਗ ਦੀ ਪੁਸ਼ਟੀ ਕੀਤੀ ਹੈ ਅਤੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਜੈਸਲਮੇਰ ਦੇ ਰੇਗਿਸਤਾਨੀ ਸੈਕਟਰ ਵਿੱਚ ਭਾਰਤੀ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਦਾ 'ਤ੍ਰਿ ਸ਼ਕਤੀ ਅਭਿਆਸ ਤ੍ਰਿਸ਼ੂਲ' ਕਈ ਦਿਨਾਂ ਤੋਂ ਚੱਲ ਰਿਹਾ ਹੈ।
