ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਬੋਲੇ- ਆਮ ਲੋਕ ਚਾਹੁਣਗੇ ਤਾਂ ਸਿਆਸਤ ’ਚ ਜ਼ਰੂਰ ਆਵਾਂਗਾ

Monday, Apr 11, 2022 - 02:04 PM (IST)

ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਬੋਲੇ- ਆਮ ਲੋਕ ਚਾਹੁਣਗੇ ਤਾਂ ਸਿਆਸਤ ’ਚ ਜ਼ਰੂਰ ਆਵਾਂਗਾ

ਇੰਦੌਰ (ਭਾਸ਼ਾ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਕਿਹਾ ਕਿ ਆਮ ਲੋਕਾਂ ਦੇ ਚਾਹੁਣ ’ਤੇ ਉਹ ਸਿਆਸਤ ’ਚ ਕਦਮ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ’ਚ ਉਤਰ ਕੇ ਉਹ ਜਨਤਾ ਦੀ ਵੱਡੇ ਪੱਧਰ ’ਤੇ ਸੇਵਾ ਕਰ ਸਕਦੇ ਹਨ। ਰਾਬਰਟ ਵਾਡਰਾ ਨੇ ਆਪਣੇ ਮੱਧ ਪ੍ਰਦੇਸ਼ ਦੌਰੇ ਦੌਰਾਨ ਸਥਾਨਕ ਚੈਨਲ ਨੂੰ ਦਿੱਤੀ ਇੰਟਰਵਿਊ ’ਚ ਇਹ ਗੱਲ ਆਖੀ। ਸਰਗਰਮ ਸਿਆਸਤ ’ਚ ਉਤਰਨ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ, ‘‘ਮੈਂ ਸਿਆਸਤ ਸਮਝਦਾ ਹਾਂ ਅਤੇ ਜੇਕਰ ਲੋਕ ਚਾਹੁਣਗੇ ਕਿ ਮੈਂ ਉਨ੍ਹਾਂ ਦੀ ਨੁਮਾਇੰਦਗੀ ਕਰਾਂ ਅਤੇ ਜੇਕਰ ਮੈਂ ਉਨ੍ਹਾਂ ਲਈ ਕੋਈ ਬਦਲਾਅ ਲਿਆ ਸਕਦਾ ਹਾਂ, ਤਾਂ ਮੈਂ ਇਹ ਕਦਮ ਜ਼ਰੂਰ ਚੁੱਕਾਂਗਾ। 

53 ਸਾਲਾ ਰਾਬਰਟ ਨੇ ਹਾਲਾਂਕਿ ਇਹ ਵੀ ਕਿਹਾ ਕਿ ਜੇਕਰ ਉਹ ਸਿਆਸਤ ’ਚ ਆਉਂਦੇ ਹਨ, ਤਾਂ ਵੱਡੇ ਪੱਧਰ ’ਤੇ ਲੋਕਾਂ ਦੀ ਸੇਵਾ ਕਰ ਸਕਣਗੇ। ਉਂਝ ਮੈਂ ਹੁਣ ਵੀ ਦੇਸ਼ ਭਰ ’ਚ ਆਮ ਲੋਕਾਂ ਵਿਚਾਲੇ ਪਹੁੰਚਦਾ ਹਾਂ। ਮੈਨੂੰ ਪਤਾ ਹੈ ਕਿ ਲੋਕ ਮੇਰੇ ਨਾਲ ਹਨ ਅਤੇ ਉਹ ਮਿਹਨਤ ਕਰਦੇ ਹਨ। ਵੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ। ਅਸੀਂ ਹਰ ਰੋਜ਼ ਪਰਿਵਾਰ ’ਚ ਗੱਲ ਕਰਦੇ ਹਾਂ ਕਿ ਅੱਜ ਕਿਹੋ ਜਿਹੀ ਰਾਜਨੀਤੀ ਹੋ ਰਹੀ ਹੈ ਅਤੇ ਦੇਸ਼ ਕਿਵੇਂ ਬਦਲ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੇ ਸਿਆਸੀ ਦ੍ਰਿਸ਼ ਦੇ ਸੰਦਰਭ ’ਚ ਕਿਹਾ ਕਿ ਮੌਜੂਦਾ ਹਾਲਾਤ ਵੇਖ ਕੇ ਉਨ੍ਹਾਂ ਨੂੰ ਘਬਰਾਹਟ ਹੁੰਦੀ ਹੈ। 

ਰਾਬਰਟ ਨੇ ਇਸ ਦੇ ਨਾਲ ਹੀ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਕੋਵਿਡ-19 ਦੇ ਭਿਆਨਕ ਕਹਿਰ ਦੌਰਾਨ ਦੇਸ਼ ’ਚ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ ਅਤੇ ਇਨ੍ਹੀਂ ਦਿਨੀਂ ਬੇਰੁਜ਼ਗਾਰੀ ਵਧ ਰਹੀ ਹੈ। 


author

Tanu

Content Editor

Related News