ਜੰਮੂ ਕਸ਼ਮੀਰ ''ਚ ਵੱਖਵਾਦੀਆਂ ਦੇ ਟਿਕਾਣਿਆਂ ''ਤੇ ਇਨਕਮ ਟੈਕਸ ਦਾ ਛਾਪਾ
Wednesday, Feb 27, 2019 - 10:34 PM (IST)

ਸ਼੍ਰੀਨਗਰ/ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਨੇ ਇਕ ਪਾਸੇ ਜਿਥੇ ਪਾਕਿਸਤਾਨ 'ਚ ਵੜ੍ਹ ਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕੀਤਾ, ਉਥੇ ਹੀ ਇਨਕਮ ਟੈਕਸ ਵਿਭਾਗ ਜੰਮੂ-ਕਸ਼ਮੀਰ 'ਚ ਅੱਤਵਾਦੀ ਫੰਡਿੰਗ ਦੇ ਨੈਟਵਰਕ ਨੂੰ ਤਬਾਹ ਕਰਨ 'ਚ ਲੱਗਾ ਹੋਇਆ ਹੈ। ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਰਾਸ਼ਟਰ ਵਿਰੋਧੀ ਸਰਗਰਮੀਆਂ ਅਤੇ ਅੱਤਵਾਦੀ ਫੰਡਿੰਗ ਮਾਮਲੇ 'ਚ ਜੰਮੂ ਕਸ਼ਮੀਰ ਦੇ ਇਕ ਸੰਗਠਨ ਦੇ ਮੁਖੀਆਂ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਕਸ਼ਮੀਰ ਘਾਟੀ 'ਚ ਚਾਰ ਥਾਂ ਤੇ ਦਿੱਲੀ 'ਚ ਤਿੰਨ ਥਾਵਾਂ 'ਤੇ ਛਾਪੇ ਮਾਰੇ ਗਏ। ਇਨਕਮ ਟੈਕਸ ਵਿਭਾਗ ਨੇ ਹਾਲਾਂਕਿ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਕਿਸ ਸੰਗਠਨ ਦੇ ਮੁਖੀਆ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਇਕ ਕਾਰਵਾਈ 'ਚ ਵੱਡੇ ਪੱਧਰ 'ਤੇ ਹੋਟਲ ਤੇ ਖਨਨ ਬਿਜਨੈਸ ਨਾਲ ਸਬੰਧਿਤ ਵਿੱਤੀ ਲੈਣ-ਦੇਣ ਦੇ ਭਰੋਸੇਯੋਗ ਸਬੂਤ ਮਿਲੇ ਹਨ।
ਇਸ ਤੋਂ ਇਲਾਵਾ ਉਕਤ ਵਿਅਕਤੀਆਂ ਦੇ ਪਰਿਵਾਰ ਦੇ ਰਿਹਾਇਸ਼ ਨੂੰ ਬਣਾਉਣ ਤੇ ਬੇਹਿਸਾਬ ਖਰਚ ਦੇ ਸਬੰਧ 'ਚ ਵੀ ਵਿਭਾਗ ਨੂੰ ਜਾਣਕਾਰੀ ਮਿਲੀ ਹੈ। ਇੰਨੇ ਵਿਆਪਕ ਪੱਧਰ 'ਤੇ ਧਨ ਰਾਸ਼ੀ ਖਰਚ ਕਰਨ ਦੇ ਬਾਵਜੂਦ ਉਸ ਵਿਅਕਤੀ ਨੇ ਕਦੇ ਇਨਕਮ ਟੈਕਸ ਰਿਟਰਨ ਨਹੀਂ ਭਰੀ। ਛਾਪੇਮਾਰੀ 'ਚ ਜੋ ਸਬੂਤ ਮਿਲੇ ਹਨ, ਉਸ ਨਾਲ ਜਾਣ ਬੁੱਝ ਕੇ ਟੈਕਸ ਚੋਰੀ ਕਰਨ ਦੀ ਕੋਸ਼ਿਸ਼ ਸਾਬਿਤ ਹੁੰਦੀ ਹੈ।