ਆਪਣੇ ''ਤੇ ਹੋਏ ਹਮਲੇ ਨੂੰ ਲੈ ਕੇ ਕੇਜਰੀਵਾਲ ਬੋਲੇ- ਮੇਰੀ ਗਲਤੀ ਕੀ ਸੀ?
Sunday, Dec 01, 2024 - 05:23 PM (IST)
ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ 1 ਦਸੰਬਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਤਰਲ ਹਮਲੇ ਤੋਂ ਦੁਖੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਲੰਮੇਂ ਹੱਥੀਂ ਲੈਂਦਿਆਂ ਪੁੱਛਿਆ, 'ਮੇਰੀ ਕੀ ਗਲਤੀ ਸੀ?' ਦਰਅਸਲ ਗ੍ਰੇਟਰ ਕੈਲਾਸ਼ ਵਿਚ ਪੈਦਲ ਯਾਤਰਾ ਦੌਰਾਨ ਇਕ ਵਿਅਕਤੀ ਨੇ ਕੇਜਰੀਵਾਲ ਉੱਤੇ ਕੋਈ ਤਰਲ ਪਦਾਰਥ ਸੁੱਟਣ ਦੀ ਕੋਸ਼ਿਸ਼ ਕੀਤੀ। ਭਾਜਪਾ ਨੇ ਹੁਣ ਤੱਕ ਦੋਸ਼ਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਕੇਂਦਰ ਖਾਸ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਦਿੱਲੀ 'ਤੇ ਗੈਂਗਸਟਰਾਂ ਦਾ ਰਾਜ ਹੈ ਅਤੇ ਖੁੱਲ੍ਹੇਆਮ ਗੋਲੀਬਾਰੀ ਹੋ ਰਹੀ ਹੈ ਤਾਂ ਮੈਂ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਿਆ। ਮੈਂ ਦਿੱਲੀ ਦੇ ਹਾਲਾਤ 'ਤੇ ਆਪਣੀ ਆਵਾਜ਼ ਉਠਾਈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਦੀ ਕਾਨੂੰਨ ਵਿਵਸਥਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਹੈ। ਮੈਨੂੰ ਉਮੀਦ ਸੀ ਕਿ ਅਮਿਤ ਸ਼ਾਹ ਮੇਰੇ ਵਲੋਂ ਕਾਨੂੰਨ ਅਤੇ ਵਿਵਸਥਾ ਦਾ ਮੁੱਦਾ ਚੁੱਕੇ ਜਾਣ ਮਗਰੋਂ ਕੁਝ ਕਾਰਵਾਈ ਕਰਨਗੇ ਪਰ ਇਸ ਦੇ ਬਜਾਏ ਮੇਰੀ ਪੈਦਲ ਯਾਤਰਾ ਦੌਰਾਨ ਮੇਰੇ 'ਤੇ ਹਮਲਾ ਕੀਤਾ ਗਿਆ। ਮੇਰੇ 'ਤੇ ਤਰਲ ਪਦਾਰਥ ਸੁੱਟਿਆ ਗਿਆ। ਇਹ ਹਾਨੀ ਰਹਿਤ ਸੀ ਪਰ ਇਹ ਹਾਨੀਕਾਰਕ ਸਾਬਤ ਹੋ ਸਕਦਾ ਸੀ।
ਕੇਜਰੀਵਾਲ ਨੇ ਕਿਹਾ ਕਿ ਅਸੀਂ ਸਿਰਫ਼ ਜਨਤਕ ਸੁਰੱਖਿਆ ਅਤੇ ਅਪਰਾਧ ਦੇ ਮੁੱਦੇ ਚੁੱਕ ਰਹੇ ਸੀ। ਜੇਕਰ ਤੁਸੀਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਸਕਦੇ ਹੋ ਤਾਂ ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਇਸ ਦੌਰਾਨ ਕੇਜਰੀਵਾਲ ਨੇ ਨਰੇਸ਼ ਬਾਲਿਆਨ ਦੀ ਗ੍ਰਿਫ਼ਤਾਰ ਦਾ ਮੁੱਦਾ ਵੀ ਚੁੱਕਿਆ। ਕੇਜਰੀਵਾਲ ਨੇ ਕਿਹਾ ਕਿ ਕੱਲ ਸਾਡੇ ਇਕ ਵਿਧਾਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ।